ਸਿੱਖ ਇਤਿਹਾਸ ਉਸ ਕੌਝੇ ਦੌਰ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ Character Assassination ਰੂਪੀ ਹਮਲਾ ਉਸਦੇ ਨਾਲ ਤੁਰੇ ਆਪਣੇ ਹੀ ਭਾਈਆਂ ਵੱਲੋਂ ਸਰਕਾਰੀ ਨੀਤੀ ਤਹਿਤ ਸ਼ੁਰੂ ਹੋਇਆ ਜਿਸਨੂੰ ਪੱਕੀ ਛਾਪ ਲਾਉਣ ਲਈ ਮਜਹਬੀ ਵਿਤਕਰੇ ਤੋਂ ਸ਼ਿਕਾਰ ਗੁਲਾਮ ਹੁਸੈਨ ਖਾਨ, ਖਾਫੀ ਖਾਨ, ਡਾ ਸ੍ਯੀਆਦ ਮੁਹੰਮਦ ਲਤੀਫ ਅਤਿਆਦਿ ਵਰਗੇ ਇਤਿਹਾਸਕਾਰਾਂ ਨੇ ਕਲਮਬੰਦ ਕੀਤਾ।
ਸਿੱਖ ਇਤਿਹਾਸਕਾਰਾਂ ਵਿੱਚੋਂ ਰਤਨ ਸਿੰਘ ਭੰਗੂ ਅਤੇ ਗਿਆਨੀ ਗਿਆਨ ਵਰਗਿਆਂ ਨੇ ਭੀ ਸਮਕਾਲੀ ਸਰੋਤਾਂ ਦੀ ਘੋਖ ਤੋਂ ਬਿਨਾ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰਤਾ ਨੂੰ ਇੰਨ ਬਿੰਨ ਆਪਣੀਆਂ ਲਿਖਤਾਂ ਦਾ ਸ਼ਿੰਗਾਰ ਬਣਾ ਦਿੱਤਾ। ਮਿਸਾਲ ਦੇ ਤੌਰ ਤੇ ਰਤਨ ਸਿੰਘ ਭੰਗੂ ਵਰਗੇ ਇਤਿਹਾਸਕਾਰ ਨੇ ਭੀ ਤਕਰੀਬਨ ੧੦੦ ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਲਿਖਣ ਲੱਗਿਆਂ ਮਝੈਲੀਆਂ ਜਾਂ ਅਖੌਤੀ ਤੱਤ ਖਾਲਸੇ ਦੇ ਕੋੜਮੇ (ਬਿਨੋਦ ਸਿੰਘ ਦੇ ਧੜੇ ਦੇ ਬਹੁਤਾਤ ਸਿੰਘ ਮਾਝੇ ਤੋਂ ਸੀ) ਤੋਂ ਸੁਣੀਆਂ ਸੁਣਾਈਆਂ ਗੱਲਾਂ ਨੂੰ ਹੀ ਆਪਣੀ ਲਿਖਤ ਪ੍ਰਾਚੀਨ ਪੰਥ ਪ੍ਰਕਾਸ਼ ਦਾ ਹਿੱਸਾ ਬਣਾਇਆ ਪਰ ਫਿਰ ਭੀ ਇੱਕ ਇਮਾਨਦਾਰ ਇਤਿਹਾਸਕਾਰ ਦੀ ਨਿਆਈਂ ਉਹ ਇਸ ਗੱਲ ਤੋਂ ਮੁਨਕਰ ਭੀ ਨਹੀਂ ਹੋਏ ਕਿ ਮੇਰਾ ਸਰੋਤ ਜੋ ਮੈਨੂੰ ਮੇਰੇ ਵੱਡੇ ਵਡੇਰਿਆਂ ਨੇ ਦੱਸਿਆ ਹੈ ਉਹ ਹੀ ਲਿਖ ਰਿਹਾ ਹਾਂ। ਜਿਸ ਤੋਂ ਇੱਕ ਗੱਲ ਤਾਂ ਸਿੱਧ ਹੁੰਦੀ ਹੈ ਕਿ ਇਹਨਾਂ ਸਿੱਖ ਇਤਿਹਾਸਕਾਰਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਸੰਬੰਧੀ ਰਵਾਇਤੀ ਜਾਣਕਾਰੀ ਨੂੰ ਹੀ ਅਧਾਰ ਬਣਾ ਲਿਆ ਪਰ ਇਹ ਲਿਖਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਅਕਸ ਨੂੰ ਜਾਣਬੁਝ ਕੇ ਵਿਗਾੜਨ ਲਈ ਸ਼ੰਕਾ ਦੇ ਦਾਇਰੇ ਵਿੱਚ ਨਹੀਂ ਆਉਂਦੀਆਂ।
ਦੋਹਰਾ – ਜਿਤਨੀ ਬਾਤ ਅਸਾਂ ਸੁਨੀ ਸੋ ਤੋ ਧਰੀ ਲਿਖਾਇ, ਕਿਛੁ ਔਰਨ ਕਿਛੁ ਆਪਨ ਤੇ ਵੱਡਿਆ ਤੇ ਸੁਨ ਪਾਇ ।।
ਰਤਨ ਸਿੰਘ ਭੰਗੂ
ਤੀਜੀ ਕਿਸਮ ਉਹਨਾਂ ਲਿਖਾਰੀਆਂ ਦੀ ਹੈ ਜੋ ੩੦੦ ਬੀ.ਸੀ ਤੋਂ ਹੀ ਚੰਦਰਗੁਪਤ ਮੋਰੀਆ ਦੇ ਅਖੰਡ ਭਾਰਤ ਦੇ ਸੁਪਨੇ ਨੂੰ ਸਕਾਰ ਹੁੰਦਾ ਵੇਖਣ ਲਈ ਉਤਾਵਲੇ ਹਨ। ਆਰਿਆ ਸਮਾਜ ਦੇ ਇਹਨਾਂ ਲਿਖਾਰੀਆਂ ਨੇ ਭੀ ਬਾਬਾ ਜੀ ਦੇ ਅੱਖਰ ਕਤਲ ਦੀ ਕੋਈ ਗੁੰਜਾਇਸ਼ ਨਹੀਂ ਛੱਡੀ। ਇਹਨਾਂ ਵਿੱਚੋਂ ਕੁਝ ਕੁ ਦਾ ਨਾਮ ਪਾਠਕਾਂ ਦੇ ਸਾਹਮਣੇ ਰੱਖਣਾ ਚਾਹਾਂਗਾ ਜਿਵੇ ਇੰਦੂ ਭੂਸ਼ਣ ਬੈਨਰਜੀ (ਬੰਗਾਲੀ ਇਤਿਹਾਸਕਾਰ), ਗੋਕਲ ਚੰਦ ਨਾਰੰਗ, ਭਾਈ ਪਰਮਾਨੰਦ ਆਰੀਆ ਸਮਾਜ ਦੋਲਤ ਰਾਇ ਅਤਿਆਦਿ। ਇਹਨਾਂ ਸਾਰਿਆਂ ਦਾ ਜ਼ੋਰ ਬੰਦਾ ਸਿੰਘ ਬਹਾਦਰ ਨੂੰ ਇੱਕ ਰਾਸ਼ਟਰਵਾਦੀ ਹੀਰੋ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮੱਦਦਗਾਰ ਘੋਸ਼ਿਤ ਕਰਨ ਤੱਕ ਹੀ ਸੀਮਤ ਹੈ। ਇਸੇ ਲਈ ਅੰਗਰੇਜ ਇਤਿਹਾਸਕਾਰਾਂ ਨੂੰ ਜਿਹਨਾਂ ਨੇ ਬੰਦਾ ਸਿਘ ਨੂੰ ਸਿੱਖ ਜਰਨੈਲ ਅਤੇ ਸਿੱਖ ਨੂੰ ਵੱਖਰੀ ਕੌਮ ਹੋਣ ਗੋਰਵ ਦੇਣਾ ਚਾਹਿਆ ਇਹਨਾਂ ਰਾਸ਼ਟਰਵਾਦੀ ਲੇਖਕਾਂ ਨੇ ਉਹਨਾਂ ਨੂੰ ਖੂਬ ਭੰਡਿਆ ਜੋ ਅੱਜ ਭੀ ਆਰ.ਐਸ ਐਸ ਦੇ ਪ੍ਰਚਾਰਕਾਂ ਵੱਲੋਂ ਜਾਰੀ ਹੈ ਕਿ ਸਿੱਖ ਨੂੰ ਹਿੰਦੂ ਨਾਲੋਂ ਵੱਖ ਵੇਖਣ ਵਾਲਾ ਕੇਵਲ ਅੰਗਰੇਜ ਹੀ ਸੀ ਨਹੀਂ ਹਿੰਦੂ ਸਿੱਖ ਤਾਂ ਨੂੰਹ ਮਾਸ ਦਾ ਰਿਸ਼ਤਾ ਸੀ।
ਇਹਨਾਂ ਸਾਰੇ ਇਤਿਹਾਸਕਾਰਾਂ ਅਤੇ ਇੰਨਾਂ ਦੀ ਲਿਖਤ ਦੇ ਨਜ਼ਰੀਏ ਨੂੰ ਸੰਖੇਪ ਵਿੱਚ ਲਿਖਣ ਦਾ ਇੱਕੋ ਹੀ ਕਾਰਣ ਹੈ ਕਿ ਜਿਹੜਾ ਬੰਦਾ ਸਿੰਘ ਬਹਾਦਰ ਦੇ ਅੱਖਰ ਕਤਲ (Character Assassination) ਦਾ ਸਿਲਸਲਾ ਸਰਕਾਰੀ ਸ਼ਹਿ ਅਤੇ ਬਿਨੋਦ ਸਿੰਘ ਦੇ ਧੜੇ ਵੱਲੋਂ ਸ਼ੁਰੂ ਹੋਇਆ ਸੀ ਉਸਦੀ ਗਹਿਰਾਈ ਵਿੱਚ ਜਾਣ ਦੀ ਕੋਸ਼ਿਸ ਨਾਮਾਤਿਰ ਹੀ ਹੋਈ ਹੈ। ਸਰਕਾਰ ਅਤੇ ਵਿਰੋਧੀ ਧੜੇ ਵੱਲੋਂ ਬੜੇ ਸਾਜਿਸ਼ੀ ਤਾਰੀਕੇ ਨਾਲ ਇਸ ਸਿਲਸਲੇ ਨੂੰ ਅੰਜਾਮ ਦੇਣ ਦੀ ਘਾੜਤ ਘੜੀ ਗਈ ਜਿਵੇਂ ਅਫਵਾਂਵਾਂ ਫੈਲਾਉਣੀਆਂ ਕਿ ਬਾਬਾ ਬੰਦਾ ਸਿੰਘ ਗੱਦੀ ਲਾ ਕੇ ਗੁਰੂ ਬਣ ਬੈਠ ਗਿਆ ਹੈ, ਬੰਦਾ ਸਿੰਘ ਨੇ ਗੁਰੂ ਹੁਕਮ ਉੱਲਟ ਵਿਵਾਹ ਕਰਵਾ ਲਿਆ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਰੱਦ ਕਰਕੇ ਫਤਿਹ ਦਰਸ਼ਨ ਨੂੰ ਲਾਗੂ ਕਰ ਦਿੱਤਾ ਹੈ, ਤੱਤ ਖਾਲਸਾ ਅਤੇ ਬੰਦਈ ਖਾਲਸਾ ਵਾਲਾ ਰੌਲੇ ਦਾ ਭੀ ਬਾਬਾ ਬੰਦਾ ਸਿਘ ਨੂੰ ਹੀ ਦੋਸ਼ੀ ਗਰਦਾਨਿਆ ਗਿਆ, ਮਾਤਾ ਸੁੰਦਰੀ ਦੇ ਨਾਮ ਹੇਠ ਹੁਕਮਨਾਮਾ ਜਾਰੀ ਕਰਵਾ ਕੇ ਬੰਦਾ ਸਿੰਘ ਨੂੰ ਪੰਥ ਵਿੱਚੋਂ ਛਕਵਾਉਣਾ ਅਤੇ ਇੱਥੋਂ ਤੱਕ ਕਿ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਭੀ ਜੀਵਤ ਹੋਣ ਦਾ ਭਰਮ ਖੜਾ ਕਰਕੇ ਜੰਮੂ ਦੀਆਂ ਪਹਾੜੀਆਂ ਤੇ ਜਾ ਕੇ ਬਿਠਾ ਦਿੱਤਾ। ਇਹ ਸਭ ਇਲਜ਼ਾਮ ਇੱਕ ਸਾਜਿਸ਼ ਤਹਿਤ ਅੱਖਰ ਕਤਲੇਆਮ ਨੂੰ ਮੁੱਖ ਰੱਖ ਕੇ ਹੀ ਲਗਾਏ ਗਏ ਸਨ । ਇੰਨਾ ਇਲਜਾਮਾਂ ਵਿੱਚੋਂ ਅੱਜ ਅਸੀਂ ਫਤਿਹ ਦਰਸ਼ਨ ਨੂੰ ਗੁਰਬਾਣੀ ਨਜ਼ਰੀਏ ਰਾਹੀਂ ਘੋਖਣ ਦੀ ਕੋਸਿਸ਼ ਕਰਾਂਗੇ ।
ਹਾਲਾਤ ਅਤੇ ਕਾਰਣ
ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਫਤਿਹ ਦਰਸ਼ਨ ਦੇ ਨਾਅਰੇ ਨੂੰ ਪ੍ਰਚੱਲਤ ਤੋਂ ਪਹਿਲਾਂ ਅਸੀਂ ਇੱਕ ਪੰਛੀ ਝਾਤ ਸਿੱਖ ਪੰਥ ਵਿੱਚ ਪੈਦਾ ਹੋਏ ਉਹਨਾਂ ਹਲਾਤਾਂ ਤੇ ਮਾਰਦੇ ਹਾਂ ਜੋ ਇਸ ਨਾਅਰੇ ਦੀ ਪ੍ਰਚੱਲਤਾ ਦਾ ਕਾਰਣ ਸਿੱਧ ਹੋਏ
ਹਾਲਾਤ – ਸਰਹਿੰਦ ਦੀ ਫਤਿਹ ਤੋਂ ਬਾਅਦ ਬਿਨੋਦ ਸਿੰਘ ਨੂੰ ਕਰਨਾਲ ਦਾ ਪਰਗਣਾ ਦੇ ਦਿੱਤਾ ਪਰ ਬਿਨੋਦ ਸਿੰਘ ਅੰਦਰੂਨੀ ਤੌਰ ਜਲੰਧਰ ਅਤੇ ਅਮ੍ਰਿਤਸਰ ਦੇ ਇਲਾਕੇ ਦੀ ਜਥੇਦਾਰੀ ਦਾ ਖਾਹਸ਼ਮੰਦ ਸੀ ਜਿਸਤੋਂ ਇਸ ਦੇ ਪਰਿਵਾਰ ਦੀ ਬਾਬਾ ਜੀ ਦੇ ਵਿਰੁੱਧ ਈਰਖਾ ਦਾ ਭਾਂਬੜ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੁਆਰਾ ਬੰਦਾ ਸਿਘ ਬਹਾਦਰ ਨੂੰ ਜਥੇਦਾਰੀ ਸੋਪਣ ਦੇ ਸਮੇ ਤੋਂ ਹੀ ਧੁਖਣਾ ਸ਼ੁਰੂ ਹੋਇਆ ਸੀ ਹੋਰ ਤੇਜੀ ਫੜ ਗਿਆ । ਸ਼ਿੱਟੇ ਵਜੋਂ ਬਿਨੋਦ ਸਿੰਘ ਅਤੇ ਇਸਦਾ ਪਰਿਵਾਰ ( ਪੁੱਤਰ ਕਾਹਨ ਸਿੰਘ ਅਤੇ ਪੋਤਰਾ ਮੀਰੀ ਸਿੰਘ) ਨੇ ਬੰਦਾ ਸਿੰਘ ਬਹਾਦਰ ਨਾਲ ਗਦਾਰੀ ਕੀਤੀ ਅਤੇ 15000 ਸਾਥੀਆਂ ਨੂੰ ਨਾਲ ਲੈ ਕੇ ਸਰਕਾਰ ਨਾਲ ਜਾ ਰਲਿਆ। ਹੁਣ ਇਹ ਪਰਿਵਾਰ ਆਪਣੀ ਦਿਲੀਂ ਇੱਛਾ ਮੁਤਾਬਿਕ ਅਮ੍ਰਿਤਸਰ ਆ ਗਿਆ ਅਤੇ ਸਰਕਾਰ ਨਾਲ ਮਿਲ ਕੇ ਗੁਰੂ ਮਿਸ਼ਨ ਨੂੰ ਸੀਨੇ ਵਿੱਚ ਸਮੋਈ ਬੈਠੇ ਆਪਣੇ ਹੀ ਭਾਈ ਬੰਦਾ ਸਿੰਘ ਵਿਰੁੱਧ ਸਾਂਝਾ ਮੋਰਚਾ ਬਣਾ ਲਿਆ । ਯਾਦ ਰਹੇ ਕਿ ਇਹਨਾਂ ਦੀ ਗਦਾਰੀ ਅਤੇ ਬੰਦਾ ਸਿੰਘ ਦੀ ਪੋਜੀਸ਼ਨ ਨੂੰ ਕਮਜੋਰ ਕਰਨ ਤੋਂ ਖੁਸ਼ ਹੋ ਕੇ ਸਰਕਾਰ ਨੇ ਝਬਾਲ ਪਰਗਨੇ ਦੀ ਜਮੀਨ ਭੀ ਲਾ ਦਿੱਤੀ ਇਸ ਪਰਿਵਾਰ ਦੇ ਨਾਮ ਲਾ ਦਿੱਤੀ ਅਤੇ ਕਾਹਨ ਸਿੰਘ ਨੂੰ ਸਰਕਾਰ ਰੋਜਾਨਾ ਦਾ 500 ਰੁਪਿਆ ਦਿੰਦੀ ਸੀ। ਬੰਦਾ ਸਿੰਘ ਨੂੰ ਅੰਦਰੂਨੀ ਤੌਰ ਤੇ ਦਿਨੋ ਦਿਨ ਕਮਜੋਰ ਕਰਨ ਦੀਆਂ ਸਾਜਸ਼ਾਂ ਘੜੀਆਂ ਜਾ ਰਹੀਆਂ ਸਨ ।
ਕਾਰਣ – ਦੁਨੀਆਂ ਦਾ ਕੋਈ ਭੀ ਲੀਡਰ ਭਾਵੇਂ ਉਸਦਾ ਸੰਘਰਸ਼ ਨਿੱਜਪ੍ਰਸਤੀ ਨੂੰ ਪ੍ਰਣਾਇਆ ਹੋਵੇ ਜਾਂ ਆਦਰਸ਼ਵਾਦ ਨੂੰ ਮੁੱਖ ਰੱਖ ਕੇ ਵਿੱਢਿਆ ਗਿਆ ਹੋਏ ਹਮੇਸ਼ਾ ਜਨਤਕ ਉਭਾਰ ਨੂੰ ਮੁੱਖ ਰੱਖ ਕੇ ਜਨਤਕ ਸ਼ਕਤੀ ਨੂੰ ਮਿਸ਼ਨ ਨੂੰ ਕਾਮਯਾਬੀ ਬਣਾਉਣ ਲਈ ਨਾਅਰਾ ਪ੍ਰਚੱਲਤ ਕਰਦਾ ਹੈ ਜਿਵੇਂ ਕਿ 1930 ਵਿੱਚ ਨਾਜੀਵਾਦ ਦੇ ਉਭਾਰ ਦੀ ਗੱਲ ਕਰੀਏ ਤਾਂ ‘’Hell Hitler’’ ਜਾਂ “Sieg heil!” (Hail victory!) ਦੇ ਨਾਅਰੇ ਰਾਹੀਂ ਨਾਜੀਆਂ ਅੰਦਰ ਜਹੂਦੀ ਵਿਦ੍ਰੋਹ ਪੈਦਾ ਕਰਕੇ ਲੱਖਾਂ ਜਹੂਦੀਆਂ ਨੂੰ ਗੈਸ ਚੈਮਬਰਾਂ ਦੀ ਮੌਤ ਤੱਕ ਦਾ ਸਫਰ ਤਹਿ ਕਰਵਾਇਆ ਗਿਆ । ਇਸੇ ਤਰਾਂ ਇੱਕ ਰਾਸ਼ਟਰਵਾਦ ਦਾ ਸੁਪਣਾ ਵੇਖਣ ਵਾਲਾ ਗਾਂਧੀ ਮਹਾਰਾਸ਼ਟਰ ਦੇ ਇਲਾਕੇ ਤੱਕ ਸੀਮਤ ਗਣੇਸ਼ ਮਹਿਮਾ ਛੱਡ ਕੇ ‘’ਰਾਮ ਰਾਜ’’ ਦਾ ਨਾਅਰਾ ।ntroduce ਕਰਵਾਉਂਦਾ ਹੈ। ਬੰਗਾਲੀ ‘’ਬੰਦੇ ਮਾਤਰਮ’’ ਅਤੇ ‘’ਭਾਰਤ ਮਾਤਾ ਕੀ ਜੈ’’ ਦੇ ਨਾਅਰੇ ਰਾਹੀਂ ਪਿੜ ਮੱਲਦੇ ਹਨ । ਇੰਨ ਬਿੰਨ ਰੱਬੀ ਆਦਰਸ਼ ਨੂੰ ਪ੍ਰਣਾਏ ਹੋਏ ਲੀਡਰ ਭੀ ਉਸ ਅਕਾਲੀ ਸਿਧਾਂਤ ਨੂੰ ਮੁੱਖ ਕੇ ਜਨਤਕ ਉਭਾਰ ਨੂੰ ਦਿਸ਼ਾ ਦੇਣ ਲਈ ਨਾਅਰਾ ਪ੍ਰਚੱਲਤ ਕਰਦੇ ਹਨ ਜਿਵੇਂ ਕਿ ਬੰਦਾ ਸਿੰਘ ਬਹਾਦਰ ਨੇ ਫਤਿਹ ਦਰਸ਼ਨ ਰੂਪੀ ਨਾਅਰਾ ਹੋਂਦ ਵਿੱਚ ਲਿਆਂਦਾ ।
ਯਾਦ ਰਹੇ ਕਿ ਇਹ ਨਾਅਰਾ ਬਾਬਾ ਬੰਦਾ ਸਿੰਘ ਜੀ ਨੇ ਪੈਦਾ ਹੋਏ ਭਰਾ ਮਾਰੂ ਹਲਾਤਾਂ ਅਤੇ ਬਿਨੋਦ ਸਿੰਘ ਦੇ ਧੜੇ ਦੀ ਵਧ ਚੁੱਕੀ ਨਿਜਪ੍ਰਸਤੀ ਨੂੰ ਮੱਦੇਨਜਰ ਰੱਖ ਕੇ ਪ੍ਰਚੱਲਤ ਕੀਤਾ ਸੀ ਅਤੇ ਇਸ ਨਾਅਰੇ ਦਾ ਬਿਲਕੁੱਲ ਇਹ ਉਦੇਸ਼ ਨਹੀਂ ਸੀ ਕਿ ਖਾਲਸੇ ਦੇ ਆਪਿਸ ਵਿੱਚ ਮਿਲਣ ਵੇਲੇ ਬੁਲਾਈ ਜਾਣ ਵਾਲੀ ਫਤਿਹ ‘’ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’’ ਦਾ ਬਦਲ ਪੇਸ਼ ਕੀਤਾ ਜਾਵੇ। ਖਾਲਸਾ ਰਾਜ ਦੀ ਸਥਾਪਤੀ ਵੇਲੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਮ ਤੇ ਸ਼ਿੱਕਾ ਜਾਰੀ ਕਰਨ ਵਾਲੇ ਬਾਬਾ ਬੰਦਾ ਸਿੰਘ ਗੁਰੂ ਆਸ਼ੇ ਵਿਰੁੱਧ ਇਹ ਕੁਤਾਹੀ ਕਦੇ ਭੀ ਨਹੀਂ ਕਰ ਸਕਦੇ ਸਨ। ਫਤਿਹ ਦਰਸ਼ਨ ਮਹਿਜ ਇੱਕ ਨਾਅਰਾ ਸੀ ਅਤੇ ਆਪਿਸ ਵਿੱਚ ਮਿਲਣ ਵੇਲੇ ਬੁਲਾਈ ਜਾਣ ਵਾਲੀ ਫਤਿਹ ਖਾਲਸਾਈ ਵਿਰਸੇ ਦਾ ਹਿੱਸਾ ਹੈ। ਬਾਬਾ ਜੀ ਦੇ ਵਿਰੁੱਧ ਅੱਖਰ ਕਤਲ ਦਾ ਦੌਰ ਸਿਖਰਾਂ ਤੇ ਸੀ ਇਸ ਲਈ ਇਸ ਨਾਅਰੇ ਨੂੰ ਭੀ ਅਖੌਤੀ ਤੱਤ ਖਾਲਸਾ ਵਾਲਿਆਂ ਨੇ ਗੁਰੂ ਆਸ਼ੇ ਵਿਰੁੱਧ ਇੱਕ ਹਥਿਆਰ ਦੇ ਰੂਪ ਵਿੱਚ ਵਰਤ ਲਿਆ ।
ਫਤਿਹ ਦਰਸ਼ਨ ਦਾ ਸੰਕਲਪ
ਅਰਥ ਭਾਵ
ਫਤਿਹ – ਜਿੱਤ (Victory)
ਦਰਸ਼ਨ – ਧਰਮ ਦਿਖਾਉਣ ਵਾਲਾ ਗਰੰਥ (ਮਹਾਨਕੋਸ਼), ਵਿਚਾਰਧਾਰਾ, ਫਲਸਫ਼ਾ , ਸ਼ਬਦ
ਖਟ ਦਰਸਨ ਵਰਤੈ ਵਰਤਾਰਾ, ਗੁਰ ਕਾ ਦਰਸਨ ਅਗਮ ਅਪਾਰਾ।।
ਹਰਿ ਦਰਸਨ ਪ੍ਰਾਨ ਅਧਾਰਾ, ਇਹੁ ਪੂਰਨ ਬਿਮਲ ਬਿਚਾਰਾ।।
ਜਦੋਂ ਭੀ ਕੋਈ ਲਹਿਰ ਕੁਰਾਹੇ ਪੈਣ ਲੱਗੇ ਤਾਂ ਉਸਨੂੰ ਉਸਦੇ ਧਰਮ ਸਿਧਾਂਤ ਦਾ ਵਾਸਤਾ ਦੇ ਕੇ ਮੁੜ ਇਨਕਲਾਬ ਦੇ ਰੰਗ ਵਿੱਚ ਰੰਗਣ ਦੀ ਕੋਸਿਸ਼ ਕੀਤੀ ਜਾਂਦੀ ਹੈ ਅਤੇ ਐਸੀ ਹੀ ਇੱਕ ਕੋਸਿਸ਼ ਫਤਿਹ ਦਰਸ਼ਨ ਦੇ ਨਾਅਰੇ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਭੁੱਲੜ ਭਾਈਆਂ ਨੂੰ ਮੋੜਾ ਦੇ ਕੇ ਗੁਰੂ ਮਿਸ਼ਨ ਵਿੱਚ ਜੁੱਟ ਜਾਣ ਦੀ ਕੀਤੀ ਸੀ । ਬਾਬਾ ਜੀ ਭਲੀ ਭਾਂਤ ਜਾਣੂੰ ਸਨ ਕਿ ਖਾਲਸੇ ਦੀ ਫਤਿਹ ਤਾਂ ਹੀ ਸੰਭਵ ਹੈ ਜੇ ਇਹ ਦਰਸ਼ਨ (ਗੁਰੂ ਗਰੰਥ) ਨਾਲ ਜੁੜ ਜਾਣਗੇ ਨਹੀਂ ਤਾਂ ਖੁਆਰੀ ਹੀ ਝੱਲਣੀ ਪਵੇਗੀ। ਗੁਰੂ ਦਰਸਨ (ਗੁਰੂ ਗਰੰਥ) ਹੀ ਸਿੱਖ ਦੀ ਫਤਿਹ ਦਾ ਇੱਕੋ ਇੱਕ ਹੀਲਾ ਸੀ ਪਰ ਨਿੱਜਪ੍ਰਸਤੀ ਦੇ ਝੁੱਲ ਰਹੇ ਝੱਖੜ ਵਿੱਚ ਉਡਾਰੀਆਂ ਮਾਰਨ ਵਾਲਿਆਂ ਨੇ ਗੁਰੂ ਦਰਸ਼ਨ ਨੂੰ ਪਿੱਠ ਕਰ ਦਿੱਤੀ ਅਤੇ ਫਤਿਹ ਭੀ ਇਹਨਾਂ ਤੋਂ ਪਾਸਾ ਵੱਟ ਗਈ ।
ਅਜੋਕੇ ਸਿੱਖ ਨੂੰ ਭੀ ਬੰਦਾ ਸਿੰਘ ਬਹਾਦਰ ਦੇ ਇਸ ਨਾਅਰੇ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਜੇ ਇਹ ਰਾਜ ਦਾ ਹਾਮੀ ਹੈ ਤਾਂ ਰਾਜ ਗੁਰੂ ਦਰਸ਼ਨ ਰਾਹੀਂ ਹੀ ਹੋ ਸਕਦਾ ਹੈ।
ਫਤਿਹ ਦਰਸ਼ਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ