darbar-sahib

ਹਰਿਮੰਦਿਰ, ਗੋਲਡਨ ਟੈਂਪਲ, ਸਵਰਣ ਮੰਦਿਰ, ਸਿੱਖਾਂ ਦਾ ਮੱਕਾ ਕਿ ਦਰਬਾਰ ਸਾਹਿਬ ?

ਗੁਰੂ ਕਾ ਚੱਕ ਜਿਸਦਾ ਨਾਮ ਗੁਰੂ ਕਾਲ ਸਮੇਂ ਹੀ ਸ਼੍ਰੀ (ਆਦਰ ਬੋਧਕ ਸ਼ਬਦ) ਅੰਮ੍ਰਿਤਸਰ ਵਿੱਚ ਤਬਦੀਲ ਹੋ ਗਿਆ। ਗੁਰੂ ਅਮਰਦਾਸ ਪਾਤਸ਼ਾਹ ਦੀ ਆਗਿਆ ਨਾਲ ਇਸ ਨਗਰ ਨੂੰ ਹੋਂਦ ਵਿੱਚ ਲਿਆਉਣ ਦਾ ਕਾਰਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਰੰਭਿਆ, ਜਿਸਨੂੰ ਬਾਅਦ ਵਿੱਚ ਗੁਰੂ ਅਰਜੁਨ ਪਾਤਸ਼ਾਹ ਜੀ ਨੇ ਸੰਪੂਰਨ ਕਰਵਾਇਆ। ਇਸ ਨਗਰ ਵਿੱਚ ਜਿਥੇ ਗੁਰੂ ਸਾਹਿਬ ਜੀ ਨੇ ਆਰਥਿਕ ਤੌਰ 'ਤੇ ਇੱਕ ਚੰਗੇ ਸਮਾਜੀ ਪ੍ਰਬੰਧ ਲਈ ਕਈ ਤਰ੍ਹਾਂ ਦੇ ਵਾਪਰੀਆਂ ਅਤੇ ਕਿਰਤੀਆਂ ਨੂੰ ਇਥੇ ਵਸਾਇਆ ਉਥੇ ਨਾਲ ਹੀ ਧਾਰਮਿਕ ਪੱਖ ਤੋਂ ਇਸ ਨਗਰ ਨੂੰ ਚਾਰ ਚੰਨ ਲਾਉਦਿਆਂ ਹੋਇਆਂ ''ਦਰਬਾਰ ਸਾਹਿਬ'' ਦੀ ਉਸਾਰੀ ਭੀ ਕਾਰਵਾਈ।
ਇਹ ਉਹੋ ਦਰਬਾਰ ਸਾਹਿਬ ਹੈ, ਜਿਸਨੂੰ ਅੱਜ ਅਸੀਂ ਅਨੇਕਾ ਨਾਮਾਂ ਨਾਲ ਪੁਕਾਰਨਾ ਸ਼ੁਰੂ ਕਰ ਦਿੱਤਾ, ਜਿਹਨਾਂ ਨੂੰ ਅਸੀਂ ਗੁਰਮਤਿ ਦੀ ਰੋਸ਼ਨੀ ਰਾਹੀਂ ਪਰਖਣ ਦੀ ਇੱਕ ਛੋਟੀ ਜਿਹੀ ਕੋਸਿਸ਼ ਕਰਾਂਗੇ ਕਿ ਕਿਤੇ ਅਸੀਂ ਗੁਰੂ ਪਾਤਸ਼ਾਹ ਵੱਲੋਂ ਦਿੱਤੇ ਹੋਏ ਦਰਬਾਰ ਰੂਪੀ ਸੰਕਲਪ ਤੋਂ ਅੱਜ ਅਗਿਆਨਤਾ ਵੱਸ ਅਤੇ ਬਿੱਪਰ ਦੀ ਸਾਜਿਸ਼ ਤਹਿਤ ਦਿਨ-ਬ-ਦਿਨ ਦੂਰ ਤਾਂ ਨਹੀਂ ਜਾ ਰਹੇ।
ਹਰਮੰਦਿਰ ਸਾਹਿਬ – ਹਰਮੰਦਿਰ, ਜਿਸਦਾ ਅੱਖਰੀ ਅਰਥ “ਹਰਿ ਦਾ ਮੰਦਿਰ” ਭਾਵ ਅਕਾਲ ਪੁਰਖ ਦਾ ਘਰ ਬਣਦਾ ਹੈ। ਕੀ ਗੁਰੂ ਸਾਹਿਬ ਜੋ ਖੁਦ ਹਰਿ ਨੂੰ ਅਕਾਲ (ਸਮੇਂ ਤੋਂ ਪਰੇ) ਆਖਦੇ ਹੋਣ, ਅਜੂਨੀ ਆਖਦੇ ਹੋਣ ਉਸਦੇ ਰਹਿਣ ਲਈ ਉਸਦਾ ਕੋਈ ਘਰ ਜਾਂ ਮੰਦਿਰ ਤਿਆਰ ਕਰ ਸਕਦੇ ਹਨ? ਥੋੜਾ ਜਿਹਾ ਗਹਿਰਾਈ ਵਿੱਚ ਜਾਇਆਂ ਇਹ ਭੇਦ ਗੁਰਬਾਣੀ ਰਾਹੀ ਖੁੱਲ ਜਾਂਦਾ ਹੈ, ਕਿ ਅਸਲ ਵਿੱਚ ਗੁਰੂ ਪਾਤਸ਼ਾਹ ਦੀਆਂ ਨਜ਼ਰਾਂ ਵਿੱਚ ਹਰਿਮੰਦਰ ਕੀ ਹੈ?

ਹਰਿਮੰਦਿਰ ਦੀ ਖੋਜ

ਗੁਰ ਪਰਸਾਦੀ ਵੇਖੁ ਤੂੰ ਹਰਿ ਮੰਦਰ ਤੇਰੈ ਨਾਲਿ॥ ਹਰਿ ਮੰਦਿਰ ਸਬਦੇ ਖੋਜੀਐ, ਹਰਿ ਨਾਮੋ ਲੇਹੁ ਸਮਾਲਿ॥

ਸ਼ਬਦਾਂ ਦੇ ਪਦ ਅਰਥ ਵਿੱਚ ਨਾ ਜਾਂਦੇ ਹੋਏ, ਅਸੀਂ ਸੰਖੇਪ ਵਿੱਚ ਸਿਧਾਂਤਿਕ ਸੇਧ ਲੈਣ ਦੀ ਕੋਸਿਸ਼ ਕਰਾਂਗੇ। ਉੱਪਰਲੀਆਂ ਪੰਕਤੀਆਂ ਵਿੱਚ ਸਭ ਤੋਂ ਪਹਿਲਾ ਗੁਰੂ ਸਾਹਿਬ ਹਰਮੰਦਿਰ ਦੀ ਖੋਜ ਸੰਬਧੀ ਭੇਦ ਖੋਲ ਰਹੇ ਹਨ ਅਤੇ ਦਰਸਾ ਰਹੇ ਹਨ ਕਿ ਹੇ ਮਨੁੱਖ ਹਰਮੰਦਿਰ ਹਮੇਸ਼ਾਂ ਤੇਰੇ ਨਾਲ ਹੈ, ਸਿਰਫ ਆਪਣੇ ਨਾਲ ਰਹਿੰਦੇ ਇਸ ਹਰਮੰਦਿਰ ਦੀ ਪਹਿਚਾਨ ਲਈ ਤੈਨੂੰ ਗੁਰੂ ਦੀ ਕਿਰਪਾ ਦਾ ਪਾਤਰ ਬਣਨ ਦੀ ਲੋੜ ਹੈ ਅਤੇ ਨਾਲ ਅਗਲੀ ਪੰਕਤੀ ਵਿੱਚ ਇਸ ਕਿਰਪਾ ਦਾ ਪਾਤਰ ਬਣਨ ਦਾ ਭੀ ਹੱਲ ਦੱਸਦੇ ਹੋਏ ਆਖਦੇ ਹਨ ਕਿ ਹਰਿਮੰਦਰ ਨੂੰ ਖੋਜਣ ਲਈ ਇਹ ਕਿਰਪਾ ਸ਼ਬਦ ਰਾਹੀਂ ਹੁੰਦੀ ਹੈ।

ਹਰਿਮੰਦਿਰ ਕਿਵੇਂ ਪ੍ਰਗਟ ਹੋ ਸਕਦਾ ਹੈ?

ਮਨ ਮੇਰੇ ਸਬਦਿ ਰਪੈ ਰੰਗੁ ਹੋਇ॥ ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ॥੧॥ ਰਹਾਉ॥

ਇਸ ਪੰਕਤੀ ਰਾਹੀਂ ਗੁਰੂ ਅਮਰਦਾਸ ਪਾਤਸ਼ਾਹ ਇਸ਼ਾਰਾ ਕਰ ਰਹੇ ਹਨ ਕਿ ਇਹ ਮੇਰੇ ਮਨ ਆਪਣੇ ਆਪ ‘ਤੇ ਸ਼ਬਦ ਦਾ ਰੰਗ ਚਾੜ ਅਤੇ ਨਾਲ ਹੀ ਅਗਲੀ ਪੰਕਤੀ ਰਾਹੀਂ ਗੁਰੂ ਸਾਹਿਬ ਹਰਿਮੰਦਿਰ ਨੂੰ ਪ੍ਰਗਟ ਦਾ ਤਰੀਕਾ ਦੱਸ ਰਹੇ ਹਨ, ਕਿ ਸੱਚੀ ਭਗਤੀ ਕਰਨ ਨਾਲ ਇਹ ਮਨੁੱਖੀ ਸਰੀਰ ਹੀ ਹਰਿਮੰਦਿਰ ਦਾ ਰੂਪ ਧਾਰਨ ਕਰ ਲੈਂਦਾ

ਹਰਿਮੰਦਿਰ ਸੰਬੰਧੀ ਸਪੱਸ਼ਟ ਫੈਸਲਾ

ਹਰਿ ਮੰਦਿਰ ਏਹੁ ਸਰੀਰੁ ਹੈ ਗਿਆਨ ਰਤਨਿ ਪਰਗਟੁ ਹੋਇ॥

ਹੁਣ ਇਹਨਾ ਪੰਕਤੀਆਂ ਰਾਹੀਂ ਉੱਤੇ ਦਿੱਤੇ ਰਹਾਉ ਦਾ ਭੇਦ ਖੋਲਦੇ ਗੁਰੂ ਸਾਹਿਬ ਖੁੱਲਾ ਐਲਾਨ ਕਰ ਰਹੇ ਹਨ ਕਿ ਅਸਲ ਹਰਿਮੰਦਿਰ ਇਹ ਮਨੁੱਖੀ ਸਰੀਰ ਹੀ ਹੈ, ਹੋ ਗੁਰੂ ਗਿਆਨ ਦੀ ਰੋਸ਼ਨੀ ਰਾਹੀਂ ਪ੍ਰਗਟ ਹੁੰਦਾ ਹੈ।

ਮਨਮੁਖ ਮੂਲੁ ਨਾ ਜਾਣਨੀ ਮਾਣਸਿ ਹਰਿ ਮੰਦਰੁ ਨਾ ਹੋਇ॥੨॥

ਹੁਣ ਮਸਲਾ ਸਿਰਫ ਇਹ ਹੈ ਕਿ ਮਨੁੱਖ ਹਰਿਮੰਦਿਰ ਨੂੰ ਹਿਰਨੀ ਦੀ ਕਸਤੂਰੀ ਵਾਂਗ ਬਾਹਰ ਲੱਭਦਾ ਫਿਰਦਾ ਹੈ। ਜਿਸ ਵਿੱਚ ਇਸਦਾ ਮੁੱਖ ਦੋਸ਼ ਇਸਦਾ ਮਨਮੁੱਖ ਹੋਣਾ ਹੀ ਹੈ।
(ਨੋਟ – ਇਸ ਸ਼ਬਦ ਦੇ ਕੁੱਲ ੧੧ ਪਦੇ ਹਨ, ਜਿੰਨ੍ਹਾਂ ਵਿੱਚੋਂ ਅਸੀਂ ੨ ਪਦਾਂ ਦੀ ਵਿਚਾਰ ਕੀਤੀ ਹੈ। ਪਾਠਕ ਸਾਰਾ ਸ਼ਬਦ ਆਪ ਪੜ ਕੇ ਹਰਿਮੰਦਿਰ ਸ਼ਬਦ ਦੇ ਗੁੱਝੇ ਭੇਤ ਆਪ ਸਮਝ ਸਕਦੇ ਹਨ, ਕਿ ਕਿਵੇਂ ਗੁਰੂ ਸਾਹਿਬ ਹਰਿਮੰਦਿਰ ਸ਼ਬਦ ਦੀ ਵਰਤੋਂ ਇਸ ਮਨੁੱਖੀ ਸਰੀਰ ਲਈ, ਇਹਨਾ ਮਨੁੱਖੀ ਸਰੀਰਾਂ ਦੇ ਸਮੂਹ ਤੋਂ ਬਣੇ ਇਸ ਜਗਤ ਨੂੰ, ਗੁਰਬਾਣੀ ਰੂਪੀ ”ਨਾਮ” ਅਤੇ ਮਨ ਨੂੰ ਹੀ ਹਰਿਮੰਦਿਰ ਸ਼ਬਦ ਨਾਲ ਸੰਬੋਧਨ ਕਰ ਰਹੇ ਹਨ।)

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਗੁਰੂ ਸਾਹਿਬ ਹਰਿਮੰਦਿਰ ਸ਼ਬਦ ਦੀ ਵਰਤੋਂ ਸਰੀਰ, ਜਗਤ, ਮਨ ਜਾਂ ਨਾਮ ਧੰਨ ਸੰਬੰਧੀ ਕਰ ਰਹੇ ਹਨ, ਤਾਂ ਇਹਨਾ ਸਾਰੇ ਨੁਕਤਿਆਂ ਨੂੰ ਅਣਵੇਖਿਆ ਕਰਕੇ ਅੱਜ ਸ਼੍ਰੀ ਅਮ੍ਰਿੰਤਸਰ ਵਿੱਚ ਸਥਿਤ ਸਿੱਖਾਂ ਦੇ ਧਾਰਮਿਕ ਅਸਥਾਨ ਨੂੰ ਹਰਿਮੰਦਰ ਸ਼ਬਦ ਨਾਲ ਸੰਬੋਧਨ ਕਰਨ ਦਾ ਵਰਤਾਰਾ ਕਦੋਂ ਅਤੇ ਕਿਉਂ ਵਰਤਣਾ ਸ਼ੁਰੂ ਹੋਇਆ?

ਕਦੋਂ – ਇਹ ਉਹਨਾ ਸਮਿਆਂ ਦੀ ਗੱਲ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਤੋਂ ਬਾਅਦ ਬੜਾ ਭਿਆਨਕ ਸਮਾਂ ਆਇਆ ਅਤੇ ਸਿੰਘਾਂ ਨੂੰ ਆਪਣੇ ਧਾਰਮਿਕ ਕੇਂਦਰਾਂ ਨੂੰ ਛੱਡ ਗੁਰਿੱਲਾ ਯੁੱਧ ਲਈ ਜੰਗਲਾਂ ਵਿੱਚ ਜਾਣਾ ਪਿਆ ਅਤੇ ਉਹਨਾਂ ਸਮਿਆਂ ਦੇ ਦੌਰਾਨ ਸਾਡੇ ਧਾਰਮਿਕ ਅਸਥਾਨ ਨਿਰਮਲਿਆਂ ਅਤੇ ਉਦਾਸੀ ਸਾਧੂਆਂ ਦੀ ਦੇਖ ਰੇਖ ਵਿੱਚ ਆ ਗਏ। ਬੇਸ਼ੱਕ ਪਹਿਲਾਂ ਪਹਿਲ ਇਹਨਾਂ ਨਿਰਮਲਿਆਂ ਨੇ ਗੁਰਦਵਾਰਿਆਂ ਦੀ ਸੰਭਾਲ ਬੜੀ ਨਿਹਚਾ ਭਾਵਨਾ ਨਾਲ ਕੀਤੀ, ਪਰ ਇਹਨਾਂ ਦੀ ਵਿਚਾਰਧਾਰਾ ਬਿੱਪਰ ਪ੍ਰਭਾਵੀ ਹੋਣ ਕਰਕੇ ਹੌਲੀ-ਹੌਲੀ ਇਹਨਾ ਦਾ ਇਹ ਬਿੱਪਰੀ ਰੰਗ ਗੁਰਦਵਾਰਿਆਂ ਅਤੇ ਸਿੱਖ ਰਵਾਇਤਾਂ ਉੱਤੇ ਚੜਣਾ ਸ਼ੁਰੂ ਹੋ ਗਿਆ। ਗੁਰੂ ਦੇ ਇਸ ਕੇਂਦਰੀ ਸਥਾਨ ਦਰਬਾਰ ਦਾ ਨਾਮ ਹਰਿਮੰਦਿਰ ਭੀ ਉਸ ਸਮੇਂ ਨਿਰਮਲਿਆਂ ਅਤੇ ਉਦਾਸੀਆਂ ਦੀ ਬਿੱਪਰੀ ਵਿਚਾਰਧਾਰਾ ਦੇ ਅਸਰ ਦੀ ਦੇਣ ਹੈ। ਯਾਦ ਰਹੇ ਕਿ ਉਦਾਸੀ ਅਤੇ ਨਿਰਮਲੀ ਮਹੰਤ ਸਮਾਂ ਪਾ ਇੱਕ ਬੜੀ ਡੂੰਗੀ ਸਾਜਿਸ਼ ਤਹਿਤ ਭ੍ਰਸ਼ਟ ਹੁੰਦੇ ਗਏ ਅਤੇ ਇਹਨਾਂ ਨੇ ਹੌਲੀ-ਹੌਲੀ ਸਾਰੀਆਂ ਸਿੱਖ ਰਵਾਇਤਾਂ ਨੂੰ ਵਿਦਾਂਤੀ ਪਾਨ ਚਾੜ ਦਿੱਤੀ। ਦਰਬਾਰ ਨੂੰ ਹਰਿਮੰਦਿਰ ਕਹਿਣ ਦੀ ਪਹਿਲੀ ਗਵਾਹੀ ਗੁਰਮਤਿ ਵਿਰੋਧੀ ਕਿਤਾਬ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਲੇਖਕ ਵੱਲੋਂ ਭਰੀ ਗਈ ਜਿਸ ਵਿੱਚ ਉਹੀ ਦੇਵਤਿਆਂ ਵੱਲੋਂ ਸਮੁੰਦਰ ਰਿੜਕਣਾ ਅਤੇ ਅੰਮ੍ਰਿਤ ਰੂਪੀ ਰਤਨ ਲਿਆ ਇਸ ਜਗਾ ਤੇ ਦੱਬ ਦੇਣਾ ਅਤਿਆਦਿ ਅਧਾਰ ਹੀਣ ਗੱਲਾਂ ਦਾ ਜ਼ਿਕਰ ਮਿਲਦਾ ਹੈ।

ਇੱਕ ਉਹ ਭੀ ਸਮਾਂ ਆਇਆ ਸੀ ਜਦੋਂ ਦਰਬਾਰ ਸਾਹਿਬ ਦੇ ਨਾਮ ਨੂੰ ਬਦਲ ਕੇ ਬਣਾਏ ਹਰਿਮੰਦਿਰ ਵਿੱਚ ਇਹਨਾਂ ਪੁਜਾਰੀਆਂ ਨੇ ਪ੍ਰਕਰਮਾ ਵਿੱਚ ਜੋਤਸ਼ੀ ਬਿਠਾ ਦਿੱਤੇ, ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਸਥਾਪਨ ਹੋ ਗਈਆਂ, ਅਗਨੀ ਪੂਜਾ ਨੂੰ ਮੁੱਖ ਰੱਖ ਕੇ ਜੋਤਾਂ ਜਗਵਾ ਦਿੱਤੀਆਂ ਜੋ ਅੱਜ ਭੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹੈ, ਪਰ ਜਿਵੇ ਕੁਦਰਤੀ ਨਿਯਮ ਹੈ ਕਿ ਦਿਨ ਤੋਂ ਬਾਅਦ ਰਾਤ ਅਤੇ ਰਾਤ ਤੋਂ ਬਾਅਦ ਦਿਨ ਇਸੇ ਤਰਾਂ ਨਿਰੰਕਾਰੀ ਲਹਿਰ, ਸਿੰਘ ਸਭੀਆਂ ਅਤੇ ਕਰਤਾਰ ਸਿੰਘ ਝੱਬਰ ਵਰਗੇ ਜੋਧਿਆਂ ਦੀ ਲਲਕਾਰ ਰੂਪੀ ਚਿੱਟੜ ਦਿਨ ਸਿੱਖਰਾਂ ਤੇ ਆਣ ਚੜਿਆਂ ਅਤੇ ਜੋਧੇ ਭਾਈ ਕਾਨ ਸਿੰਘ ਨਾਭਾ ਵਰਗਿਆਂ ਨੇ ਇਹਨਾ ਮੂਰਤੀਆਂ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚੋ ਡਿਪਟੀ ਕਮਿਸ਼ਨਰ ਕਿੰਗ ਦੀ ਸਹਾਇਤਾ ਨਾਲ ਦਰਬਾਰ ਸਾਹਿਬ ਵਿੱਚੋਂ ਚੁਕਵਾਇਆ ਅਤੇ ਜੋਤਸ਼ੀਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆਂ।

ਕਿਉਂ – ਹੁਣ ਅਗਲਾ ਮਸਲਾ ਇਹ ਹੈ ਕਿ ਇਹ ਵਰਤਾਰਾ ਕਿਉਂ ਵਾਪਰਿਆ? ਬਿੱਪਰ ਦੋ ਤਰੀਕਿਆਂ ਨਾਲ ਘੱਟ ਗਿਣਤੀ ਵਾਲੀਆਂ ਕੌਮਾਂ ਦਾ ਸਰਵਨਾਸ਼ ਕਰਦਾ ਹੈ ਜੋ ਸਾਸ਼ਤਰ (Memoricidal Impact) ਅਤੇ ਸਸ਼ਤਰ (Genocidal Impact) ਦੇ ਰੂਪ ਵਿੱਚ ਹਨ। ਸਸ਼ਤਰ ਦਾ ਤਰੀਕਾ ਉਦੋਂ ਹੀ ਵਰਤਿਆਂ ਜਾ ਸਕਦਾ ਹੈ ਜਦੋਂ ਬਿੱਪਰ ਸਿਆਸੀ ਤੌਰ ‘ਤੇ ਪੂਰੀ ਤਰਾਂ ਸਿਖਰ ‘ਤੇ ਹੋਵੇ, ਪਰ ਸਾਸ਼ਤਰ ਦਾ ਤਰੀਕਾ ਤਾਂ ਇਹ ਆਪਣੀ ਬਹੁਗਿਣਤੀ ਦਾ ਆਸਰਾ ਲੈਂਦਾ ਹੋਇਆ ਇੱਕ ਐਸਾ ਸਮਾਜੀ ਅਤੇ ਧਾਰਮਿਕ ਪ੍ਰਬੰਧ ਸਿਰਜ ਦਿੰਦਾ ਹੈ, ਜਿਸਦਾ ਘੱਟ ਗਿਣਤੀਆਂ ਵਾਲੀਆਂ ਕੌਮਾਂ ਹੌਲੀ-ਹੌਲੀ ਆਪਣੇ ਆਪ ਹੀ ਪ੍ਰਭਾਵ ਕਬੂਲਣਾ ਸ਼ੁਰੂ ਕਰ ਦਿੰਦੀਆਂ ਹਨ। ਗੁਰੂ ਦਰਬਾਰ ਨੂੰ ਇੱਕ ਹਰਿ+ਮੰਦਿਰ ਦਾ ਰੂਪ ਬਣਾ ਕੇ ਪੇਸ਼ ਕਰਨਾ, ਸਿੱਖ ਕੌਮ ਦੀ ਗੁਰੂ ਦਰਬਾਰ ਰੂਪੀ ਵਿੱਲਖਣਤਾ ਨੂੰ ਇੱਕ ਬਿੱਪਰੀ ਰੰਗ ਚਾੜਣ ਦਾ ਨਮੂਨਾ ਪੇਸ਼ ਕਰਦੀ ਇਹ ਮੂੰਹੋਂ ਬੋਲਦੀ ਮਿਸਾਲ ਹੈ। ਬਿੱਪਰ ਗੁਰਬਾਣੀ ਦੇ ਇਹਨਾ ਅਮੋਲਕ ਨੁੱਕਤਿਆਂ ਤੋਂ ਭਲੀ ਭਾਤ ਜਾਣੂ ਹੈ ਕਿ ਇਸ ਕੌਮ ਦਾ ਦੇਹੁਰਾ ਜਾਂ ਮੰਦਿਰ ਪੂਜਾ ਰੂਪੀ ਕੋਈ ਸੰਕਲਪ ਨਹੀਂ ਹੈ।

ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ॥॥੨॥

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥

ਬਿੱਪਰ ਇਸ ਗੱਲ ਨੂੰ ਭਲੀ-ਭਾਂਤ ਸਮਝ ਚੁੱਕਾ ਸੀ ਕਿ ਇਹ ਕੋਈ ਤੀਸਰਾ ਪੰਥ ਹੈ ਜੋ ਸ਼ਰੇਆਮ ਪ੍ਰਚਿਲਤ ਅਤੇ ਰਵਾਇਤੀ ਵਿਚਾਰਧਾਰਾ ਦਾ ਖੰਡਨ ਕਰ ਰਿਹਾ ਹੈ। ਇਸ ਲਈ ਬਿੱਪਰ ਨੇ ਸਿੱਖੀ ਦੀ ਹਰ ਉਸ ਰਿਵਾਇਤ ਨੂੰ ਆਪਣੇ ਵਿੱਚ ਰਲਗੱਡ ਕਰਨ ਦੀ ਕੋਸਿਸ਼ ਕੀਤੀ, ਜਿਹੜੀ ਸਾਨੂੰ ਇਸ ਨਾਲੋਂ ਨਿਖੇੜਦੀ ਸੀ। ਇਹ ਗੱਲ ਬੜੀ ਸਹਿਜੇ ਹੀ ਸਮਝੀ ਜਾ ਸਕਦੀ ਹੈ ਕਿ ਅਗਰ ਗੁਰੂ ਦਰਬਾਰ ਨੂੰ ਇੱਕ ਮੰਦਿਰ ਦੀ ਪਾਨ ਚਾੜ ਦਿੱਤੀ ਜਾਵੇ ਤਾਂ ਬਹੁਤ ਛੇਤੀ ਮੰਦਿਰ ਭੀ ਹਿੰਦੂਆਂ ਦੇ ਹੋਰ ਮੰਦਿਰਾਂ ਵਾਂਗ ਇੱਕ ਪੂਜਾ ਦਾ ਸਥਾਨ ਬਣ ਕੇ ਰਹਿ ਜਾਵੇਗਾ।
ਤੁਸੀਂ ਆਪ ਭੀ ਮਹਿਸੂਸ ਕੀਤਾ ਹੋਵੇਗਾ ਕਿ ਅੱਜ ਕਿਵੇਂ ਹੋੜ ਲੱਗੀ ਹੈ ਕਿ ਅੰਮ੍ਰਿਤਸਰ ਵਿੱਚ ਛੋਟੇ-ਛੋਟੇ ਨਿੱਤ ਨਵੇਂ ਮੰਦਿਰ ਉਸਾਰੇ ਜਾ ਰਹੇ ਹਨ ਤਾਂ ਕਿ ਇਹਨਾ ਬਹੁਗਿਣਤੀ ਮੰਦਿਰਾਂ ਵਿੱਚ ਇਸ ਮੰਦਿਰ (ਦਰਬਾਰ ਸਾਹਿਬ) ਨੂੰ ਭੀ ਇੱਕ ਮਾਮੂਲੀ ਜਿਹਾ ਮੰਦਿਰ ਬਣਾ ਕੇ ਪੇਸ਼ ਕੀਤਾ ਜਾਵੇ। ਬਾਕੀ ਅਖੀਰ ਵਿੱਚ ਇਸ ਦਰਬਾਰ ਸਾਹਿਬ ਨੂੰ ਇੱਕ ਮੰਦਿਰ ਦਾ ਰੂਪ ਦੇਣ ਲਈ ਜਿਹੜਾ ਆਰ.ਐਸ.ਐਸ ਵੱਲੋਂ ਇਤਿਹਾਸ ਸਿਰਜਿਆ ਗਿਆ ਹੈ, ਉਹ ਭੀ ਸਾਡੇ ਕੁਝ ਨਲਾਇਕ ਅਖੌਤੀ ਬਾਬਿਆਂ, ਸੰਤਾਂ ਅਤੇ ਅਨਪੜ ਪ੍ਰਚਾਰਕਾਂ ਵੱਲੋਂ ਆਮ ਸੁਣਾਇਆ ਜਾਂਦਾ ਹੈ ਕਿ ਕਿਵੇ ਦੇਵਤਿਆਂ ਅਤੇ ਦੈਂਤਾਂ ਦੀ ਲੜਾਈ ਹੋਈ ਅਤੇ ਦੇਵਤਿਆਂ ਨੇ ਅੰਮ੍ਰਿਤ ਇਸ ਜਗ੍ਹਾ ਲੁਕਾ ਦਿੱਤਾ, ਜੋ ਬੀਬੀ ਰਜਨੀ ਨੇ ਪ੍ਰਗਟ ਕੀਤਾ ਅਤੇ ਗੁਰੂ ਸਾਹਿਬ ਨੇ ਇਸ ਜਗਾ ਅੰਮ੍ਰਿਤ ਸਰੋਵਰ ਖੁਦਵਾਇਆ, ਦੇਵਤਿਆਂ ਨੇ ਹਰਿਮੰਦਿਰ ਦੀ ਉਸਾਰੀ ਲਈ ਸੇਵਾ ਕੀਤੀ, ਫੁੱਲਾਂ ਦੀ ਵਰਖਾ ਅਤਿਆਦਿ। ਮੈਂ ਇਹ ਅਖੌਤੀ ਕਥਾ ਨੂੰ ਇਸ ਤੋਂ ਜਿਆਦਾ ਅੱਗੇ ਨਹੀਂ ਲੈ ਕੇ ਜਾਵਾਂਗਾ ਕਿਉਂਕਿ ਇਹ ਪੁੱਜੇ ਹੋਏ (ਅਗਿਆਨਤਾ ਦੇ ਪਤਾਲ ਵਿੱਚ ਪੁੱਜੇ ਹੋਏ) ਮਹਾਪੁਰਖਾਂ ਦੀ ਕਥਾ ਹੈ ਅਤੇ ਇਹ ਉਹੋ ਹੀ ਕਰ ਸਕਦੇ ਹਨ ਅਤੇ ਇਸ ਵਿੱਚ ਭੀ ਕੋਈ ਸ਼ੱਕ ਨਹੀਂ ਹੈ ਕਿ ਇਹਨਾ ਅਖੌਤੀ ਬਾਬਿਆਂ ਨੇ ਦਰਬਾਰ ਸਾਹਿਬ ਨੂੰ ਇੱਕ ਆਮ ਜਿਹਾ ਮੰਦਿਰ ਬਣਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਭੀ ਯਾਦ ਰਹੇ ਕਿ ਹਿੰਦੂ ਗ੍ਰੰਥਾਂ ਵੱਲੋਂ ਹਰਿ ਵਿਸ਼ਨੂੰ ਵਿਸੇਸ਼ਣ ਹੋਣ ਕਰਕੇ ਭੀ ਦਰਬਾਰ ਸਾਹਿਬ ਦਾ ਨਾਮ ਹਰਿਮੰਦਿਰ ਪ੍ਰਚਿਲਤ ਕਰਕੇ ਇਸਨੂੰ ਵਿਸ਼ਨੂੰ ਮੰਦਿਰ ਬਣਾ ਕੇ ਪੇਸ਼ ਕਰਨ ਦੀ ਇੱਕ ਵੱਡੀ ਸਾਜਿਸ਼ ਹੈI
 
ਗੋਲਡਨ ਟੈਂਪਲ (Golden Temple) – ਇਹ ਨਾਮ ਅੰਗਰੇਜਾਂ ਦੀ ਦੇਣ ਹੈ। ਸਿਰਦਾਰ ਰਣਜੀਤ ਸਿੰਘ ਦੇ ਪੰਜਾਬ ਰਾਜ ਦੌਰਾਨ ਮੰਦਿਰਾਂ ਅਤੇ ਗੁਰਦਵਾਰਿਆਂ ਦੇ ਨਾਮ ਤੇ ਦਿਲ ਖੋਲ ਕੇ ਜਗੀਰਾਂ ਲਗਵਾਈਆਂ ਗਈਆਂ। ਦਰਬਾਰ ਸਾਹਿਬ ਦੀ ਇਮਾਰਤ ਤੇ ਬਹੁਤ ਵੱਡੀ ਮਾਤਰਾ ਵਿੱਚ ਸੋਨਾ ਲਗਵਾਇਆ ਗਿਆ ਅਤੇ ਇਸ ਸੋਨੇ ਵਿੱਚ ਜੜੀ ਹੋਈ ਦਰਬਾਰ ਸਾਹਿਬ ਦੀ ਇਮਾਰਤ ਦਾ ਨਾਮਕਰਣ ਅੰਗਰੇਜਾਂ ਨੇ ਆਪਣੀ ਭਾਸ਼ਾ ਵਿੱਚ Golden Temple ਕਰ ਦਿੱਤਾ ਅਤੇ ਸਾਡੀ ਕੌਮ ਨੇ ਇਸ ਨਾਮ ਨੂੰ ਭੀ ਅਗਿਆਨਤਾ ਵੱਸ ਕਬੂਲ ਕਰ ਲਿਆ ਅਤੇ ਭੋਲੇਪਨ ਵਿੱਚ ਫਿਰ ਦਰਬਾਰ ਦੇ ਸੰਕਲਪ ਨੂੰ ਤੋੜ ਵਿਛੋੜਾ ਦੇ ਦਿੱਤਾ। ਵੈਸੇ ਅੰਗਰੇਜ ਭੀ ਇਹ ਗੱਲ ਸਮਝ ਗਏ ਸਨ ਕਿ ਅਗਰ ਇਸ ਦਰਬਾਰ ਦੀ ਗੁਰੂ ਦੁਆਰਾ ਬਣਾਈ ਹੋਈ ਮਰਿਯਾਦਾ ਫਿਰ ਬਹਾਲ ਹੋ ਗਈ, ਤਾਂ ਇਹ ਸਾਡੀ ਬਸਤੀਵਾਦੀ ਨੀਤੀ ਲਈ ਘਾਤਿਕ ਸਿੱਧ ਹੋ ਸਕਦਾ ਹੈ।
 
ਇੱਕ ਪੰਜਾਬ ਦੇ ਵੱਡੇ ਅੰਗਰੇਜ ਅਫਸਰ ਨੇ ਲੰਡਨ ਦੀ ਪਾਰਲੀਮੈਂਟ ਵਿੱਚ ਆਪਣੇ ਭਾਸ਼ਣ ਦੌਰਾਨ ਇਹ ਗੱਲ ਤੋਂ ਸਾਰਿਆਂ ਨੂੰ ਜਾਣੂ ਕਰਵਾ ਦਿੱਤਾ ਸੀ ਕਿ ਸਿੱਖਾ ਦੇ ਗੁਰਦਵਾਰੇ ਭਾਰਤ ਵਿੱਚ States within States ”ਰਾਜ ਦੇ ਅੰਦਰ ਇੱਕ ਹੋਰ ਰਾਜ” ਦਾ ਕੰਮ ਕਰਦੇ ਹਨ ਅਤੇ ਬਸਤੀਵਾਦੀ ਨੀਤੀ ਨੂੰ ਕਾਇਮ ਰੱਖਣ ਲਈ ਕੇਂਦਰੀ ਅਸਥਾਨ ਦਰਬਾਰ ਸਾਹਿਬ ਨੂੰ ਬ੍ਰਿਟਿਸ਼ ਕੰਟਰੋਲ ਅੰਦਰ ਛੇਤੀ ਤੋ ਛੇਤੀ ਲਿਆਂਦਾ ਜਾਵੇ। ਇਹ ਹੀ ਕਾਰਣ ਸੀ ਕਿ ਅੰਗਰੇਜਾਂ ਨੇ ਸਾਰੇ ਮਹੰਤਾ ਨੂੰ ਆਪਣੇ ਨਾਲ ਰਲਾ ਕੇ ਇਸ ਗੁਰੂ ਦਰਬਾਰ ਨੂੰ ਇੱਕ ਕਰਮਕਾਂਡੀ ਮੰਦਿਰ ਬਣਾਉਣ ਤੱਕ ਹੀ ਸੀਮਤ ਕਰਨ ਲਈ ਹਰ ਹੀਲਾ ਵਰਤਿਆ। ਜਦੋਂ ਅਕਾਲੀ ਲਹਿਰ ਦੇ ਝੱਬਰ ਵਰਗੇ ਸੂਰਮਿਆਂ ਨੇ ਦਰਬਾਰ ਸਾਹਿਬ ਦੀ ਅਸਲ ਮਰਿਯਾਦਾ ਨੂੰ ਬਹਾਲ ਕਰਨ ਦੀ ਕੋਸਿਸ਼ ਕੀਤੀ ਤਾਂ ਅੰਗਰੇਜਾਂ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਆਪਣੇ ਕਬਜੇ ਵਿੱਚ ਕਰ ਲਈਆਂ, ਜਿਸ ਸੰਬੰਧੀ ਬਾਅਦ ਵਿੱਚ ਚਾਬੀਆਂ ਦਾ ਮੋਰਚਾ ਲਾਇਆ ਗਿਆ ਅਤੇ ਸਿੰਘਾ ਨੇ ਜੋਸ਼ ਅੱਗੇ ਅਖੀਰ ਅੰਗਰੇਜਾਂ ਨੂੰ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ ਅਤੇ ਅਖੀਰ ਦਰਬਾਰ ਸਾਹਿਬ ਦੀਆਂ ਚਾਬੀਆਂ ਵਾਪਿਸ ਕਰਨੀਆਂ ਪਈਆਂ।
ਸਵਰਣ ਮੰਦਿਰ – ਸਵਰਣ ਮੰਦਿਰ, ਗੋਲਡਨ ਟੈਂਪਲ ਦਾ ਹੀ ਹਿੰਦੀ ਅਨੁਵਾਦ ਹੈ ਅਤੇ ਦਰਬਾਰ ਸਾਹਿਬ ਲਈ ਇਹ ਨਾਮ ਭੀ ਬਾਹਰਲੇ ਰਾਜਾਂ ਵਿੱਚ ਬਹੁਤ ਪ੍ਰਚਿਲਤ ਹੈ ਅਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਬਿੱਪ੍ਰ ਦਾ ਇਸ ਨਾਮ ਦੀ ਪ੍ਰਚਿਲਤਾ ਨਾਲ ਭੀ ਆਪਣਾ ਉੱਲੂ ਸਿੱਧ ਹੋ ਰਿਹਾ ਹੈ।
 
ਸਿੱਖਾਂ ਦਾ ਮੱਕਾ – ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਅਨਪੜ ਪ੍ਰਚਾਰਕਾਂ ਜਾਂ ਰਾਜਸੀ ਲੋਕਾਂ ਦੇ ਭਾਸਣਾ ਵਿੱਚ ਤੁਸੀਂ ਆਮ ਤੌਰ ‘ਤੇ ਇਹ ਸੁਣੀ ਹੋਵੇਗੀ ਕਿ ਦਰਬਾਰ ਸਾਹਿਬ ਨੂੰ ਸਿੱਖਾਂ ਦਾ ਮੱਕਾ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਹੈ ਜੋ ਕਿ ਸਾਡੀ ਅਗਿਆਨਤਾ ਦੇ ਸਿਖਰ ਦੀ ਨਿਸ਼ਾਨੀ ਹੈ। ਮੁਸਲਮਾਨ ਧਰਮ ਦੇ ਮੱਕੇ ਅਤੇ ਸਾਡੇ ਦਰਬਾਰ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਮੱਕਾ ਉਹ ਅਸਥਾਨ ਹੈ ਜਿਥੇ ਸੰਗ-ਏ-ਅਸਵਦ ਅਤੇ ਰੁਕੁਨਲਯਮਾਨ (Sacred Stones) ਪੱਥਰਾਂ ਨੂੰ ਪੂਜਿਆ ਜਾਂਦਾ ਹੈ, ਪਰ ਇਸਦੇ ਉੱਲਟ ਸਾਡਾ ਦਰਬਾਰ ਇਹ ਹੋਕਾ ਦਿੰਦਾ ਹੈ ਕਿ:

ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥

ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥

ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥

ਮੱਕਾ ਉਹ ਅਸਥਾਨ ਹੈ ਜਿਥੇ ਗਾਂ ਦੀ ਬਲੀ ਦਿੱਤੀ ਜਾਂਦੀ ਹੈ, ਪਰ ਸਾਡੇ ਦਰਬਾਰ ਦਾ ਨਾਅਰਾ ਭਗਤ ਕਬੀਰ ਦੀ ਕ੍ਰਾਂਤੀਕਾਰੀ ਆਵਾਜ ਰਾਹੀਂ ਸਾਨੂੰ ਕੁਝ ਹੋਰ ਸੁਨੇਹਾ ਦੇ ਰਿਹਾ ਹੈ।

ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥ ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥

ਮੱਕਾ ਆਪਣੇ ਆਪ ਨੂੰ ਰੱਬ ਦਾ ਘਰ ਘੋਸ਼ਿਤ ਕਰਦਾ ਹੈ, ਪਰ ਸਿੱਖ ਵਿਚਾਰਧਾਰਾ ਅਨੁਸਾਰ ਰੱਬ ਸਰਵ ਵਿਆਪੀ ਹੈ।

ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥

ਇਸ ਸੰਬੰਧੀ ਹੋਰ ਭੀ ਬਹੁਤ ਕੁਝ ਲਿਖਿਆ ਜਾ ਸਕਦਾ ਹੈ, ਪਰ ਸਾਡਾ ਅੱਜ ਦਾ ਵਿਸ਼ਾ ਇਸਲਾਮ ਅਤੇ ਸਿੱਖ ਧਰਮ ਦਾ ਤੁਲਨਾਤਮਿਕ ਅਧਿਐਨ (Comparison Study) ਨਹੀਂ ਹੈ। ਬੱਸ ਇਹ ਉਲਝਣ ਹੀ ਸੁਲਝਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਦਰਬਾਰ ਸਾਹਿਬ ਮੱਕਾ ਨਹੀਂ ਹੈ। ਹੁਣ ਆਉ ਅਖੀਰ ‘ਤੇ ਇਹ ਸਮਝੀਏ ਕਿ ਗੁਰੂ ਸਾਹਿਬ ਨੇ ਇਸ ਧਾਰਮਿਕ ਕੇਂਦਰੀ ਅਸਥਾਨ ਨੂੰ ਦਰਬਾਰ ਦਾ ਨਾਮ ਕਿਉਂ ਦਿੱਤਾ।
ਦਰਬਾਰ ਸਾਹਿਬ – ਦਰਬਾਰ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਦਰਬਾਰ ਦਾ ਸੰਕਲਪ ਦੇਣ ਵਾਲੇ ਗੁਰੂ ਸਾਹਿਬ ਦੀ ਸਖਸ਼ੀਅਤ ਬਾਰੇ ਜਾਣਕਾਰੀ ਲੈਣ ਲਈ ਇੱਕ ਝਾਤ ਗੁਰਬਾਣੀ ਉੱਤੇ ਮਾਰੀਏ। ਗੁਰੂ ਸਾਹਿਬ ਪੀਰ, ਫਕੀਰ, ਬਾਬਾ, ਵਲੀ, ਸੰਤ, ਜੋਗੀ ਅਤਿਆਦਿ ਦੇ ਰੂਪ ਵਿੱਚ ਇੱਕਲੇ Spiritual Leader (ਧਰਮ ਗੁਰੂ) ਹੀ ਨਹੀਂ ਸਨ, ਸਗੋਂ ਇਹ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਇੱਕ ਧਰਮ ਗੁਰੂ ਇੱਕੋ ਸਮੇ ਜੋਗੀ ਭੀ ਸੀ ਅਤੇ ਰਾਜਾ ਭੀ ਸੀ, ਪੀਰ ਭੀ ਸੀ ਅਤੇ ਪਾਤਸ਼ਾਹ ਭੀ ਸੀ ਜੋ ਕਿ ਗੁਰਬਾਣੀ ਵਿੱਚ ਦਿੱਤੇ ਹੋਏ ਰਾਜ-ਜੋਗ ਦੇ ਸੰਕਲਪ ਰਾਹੀਂ ਬੜੀ ਸਹਿਜੇ ਹੀ ਸਮਝ ਸਕਦੇ ਹਾਂ।

ਗਾਵਹਿ ਇੰਦ੍ਰਾਦ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥

ਗੁਰੁ ਜਗਤ ਫਿਰਣ ਸੀਹ ਅਮਰਉ’ ਰਾਜੁ ਜੋਗੁ ਲਹਣਾ ਕਰੈ॥

ਗੁਰੂ ਨਾਨਕ ਸਾਹਿਬ ਦੇ ਇਸ ਪੀਰ ਅਤੇ ਪਾਤਸ਼ਾਹ ਦੇ ਸੰਕਲਪ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਪਰਤੱਖ ਰੂਪ ਵਿੱਚ ਪ੍ਰਗਟ ਕਰਕੇ ਲੋਕਾਈ ਦਾ ਹੋਰ ਭਰਮ ਦੂਰ ਕਰ ਦਿੱਤਾ। ਆਮ ਲੋਕ ਹੀ ਨਹੀਂ ਸਗੋਂ ਕਹਿੰਦੇ ਕਹਾਉਂਦੇ ਧਰਮ ਗੁਰੂ ਭੀ ਰਾਜ-ਜੋਗ ਦਾ ਇਹ ਮਿਲਣ ਸਮਝਣ ਵਿੱਚ ਨਾਕਾਮ ਹੋ ਰਹੇ ਸਨ। ਇਤਿਹਾਸ ਵਿੱਚੋਂ ਸਾਨੂੰ ਵਾਰਤਾ ਮਿਲਦੀ ਹੈ ਕਿ ਇੱਕ ਵਾਰ ਸ਼ਿਵਾ ਜੀ ਮਰਹੱਟੇ ਦਾ ਗੁਰੂ ਜਿਸਦਾ ਨਾਮ ਰਾਮਦਾਸ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਣਾ ਕਰਦਾ ਹੈ ਕਿ ਇਹ ਕੈਸੀ ਫਕੀਰੀ ਹੈ ਜਿਸਦਾ ਸੰਬੰਧ ਰਾਜਿਆਂ ਵਾਲੇ ਠਾਠ ਨਾਲ ਹੈ, ਤਾਂ ਗੁਰੂ ਸਾਹਿਬ ਬੜਾ ਢੁਕਵਾਂ ਉੱਤਰ ਦਿੰਦੇ ਹੋਏ ਇੱਕ ਸਤਰ ਵਿੱਚ ਹੀ ਸਾਰੀ ਗੱਲ ਸਮਝਾ ਦਿੰਦੇ ਹਨ ਕਿ ”ਬਾਤਨ ਫਾਕੀਰੀ, ਜਾਹਿਰ ਅਮੀਰੀ” ਭਾਵ ਫਕੀਰ ਜਿਥੇ ਫਕੀਰ ਹੈ ਉੱਥੇ ਅਮੀਰ ਭੀ ਹੋਣਾ ਚਾਹੀਦਾ ਹੈ।
 
ਆਉ ਹੁਣ ਸਾਨੂੰ ਦਰਬਾਰ ਸਾਹਿਬ ਦੇ ਸੰਕਲਪ ਦੇ ਸੰਬੰਧ ਵਿੱਚ ਸਮਝਣ ਲੱਗਿਆਂ ਕੋਈ ਭੀ ਮੁਸ਼ਕਲ ਨਹੀਂ ਹੋਵੇਗੀ।
ਦਰਬਾਰ – ਦਰਬਾਰ ਸ਼ਬਦ Sovereignty (ਸਰਵਉੱਚਤਾ) ਦਾ ਪ੍ਰਤੀਕ ਹੈ। ਦਰਬਾਰ ਹਮੇਸ਼ਾ ਰਾਜੇ ਮਹਾਰਾਜਿਆਂ ਦੇ ਹੋਇਆ ਕਰਦੇ ਹਨ ਅਤੇ ਅਸੀਂ ਆਪਣੇ ਗੁਰੂ ਪਾਤਸ਼ਾਹ ਦੀ ਸਖਸੀਅਤ ਬਾਰੇ ਉੱਤੇ ਸੰਖੇਪ ਵਿੱਚ ਸਮਝ ਆਏ ਹਾਂ ਕਿ ਕਿਵੇ ਗੁਰੂ ਮੀਰ (ਰਾਜਾ) ਭੀ ਹੈ ਅਤੇ ਪੀਰ ਭੀ ਹੈ। ਇਹ ਹੀ ਇੱਕ ਵੱਡਾ ਕਾਰਣ ਹੈ ਸਾਡੇ ਵਿੱਚ ਇੱਕ ਰਵਾਇਤ ਜਿਸਨੂੰ ਅਸੀਂ ”ਹੁਕਮਨਾਮਾ” ਆਖਦੇ ਹਾਂ, ਪ੍ਰਚਿਲਤ ਹੈ ਅਤੇ ਰੋਜ਼ ਦਰਬਾਰ ਸਾਹਿਬ ਤੋਂ ਹੁਕਮਨਾਮਾ ਸੁਣਨ ਲਈ ਸਾਡਾ ਮਨ ਲੋਚਦਾ ਰਹਿੰਦਾ ਹੈ ਕਿਉਂ ਕਿ ਹੁਕਮਨਾਮਾ ਭੇਜਣਾ ਦਰਬਾਰਾਂ ਵਿੱਚ ਬੈਠੇ ਮੀਰਾ ਦੀ ਰੀਤ ਹੈ ਨਾ ਮੰਦਿਰਾਂ ਵਿੱਚ ਬੈਠੇ ਧਰਮ ਗੁਰੂਆਂ ਦੀ।
 
ਦਰਬਾਰ ਸਾਡੀ ਵੱਖਰੀ ਕੌਮ ਹੋਣ ਦਾ ਇੱਕ ਵੱਖਰੇ ਸੰਵਿਧਾਨ ਦੇ ਮਾਲਿਕ ਹੋਣ ਦੀ ਹਾਮੀ ਭਰਦਾ ਹੈ, ਪਰ ਮੰਦਿਰ ਸਿਵਾਏ ਪੂਜਾ ਅਰਚਾ ਤੋਂ ਵੱਧ ਕਿਸੇ ਹੋਰ ਗੱਲ ਦਾ ਸੰਕੇਤ ਨਹੀਂ ਹੈ। ਗੁਰੂ ਕਾਲ ਵੇਲੇ ਧਰਮਸ਼ਾਲਾਵਾਂ ਖੋਲੀਆਂ ਜਾਂਦੀਆਂ ਸਨ ਅਤੇ ਇਹਨਾ ਧਰਮਸ਼ਲਾਵਾਂ ਨੂੰ ਹੀ ਪੰਜਵੀਂ ਪਾਤਸ਼ਾਹੀ ਤੋਂ ਬਾਅਦ ਗੁਰਦਵਾਰਾ ਦੇ ਨਾਮ ਨਾਲ ਪੁਕਾਰਿਆ ਜਾਣਾ ਸ਼ੁਰੂ ਹੋ ਗਿਆ। ਗਰੂ ਸਾਹਿਬ ਨੇ ਇੰਨਾ ਧਰਮਸ਼ਲਾਵਾਂ ਦੇ ਰੂਪ ਧਰਮ ਅਤੇ ਦਰਬਾਰ ਦੇ ਰੂਪ ਵਿੱਚ ਰਾਜਸੀ ਵਿਚਾਰਧਾਰਾ ਨੂੰ ਇੱਕ ਜਗਾ ਇੱਕਠਿਆਂ ਕਰਕੇ ਇੱਕ ਪੂਰਨ ਧਰਮ ਦਾ ਭਾਰਤੀਕਰਣ ਕੀਤਾ।
 
ਇਹ ਦਰਬਾਰ ਦਿੱਲੀ ਦੇ ਮੀਰਾਂ ਦੇ ਦਰਬਾਰ ਲਈ ਇੱਕ ਵੱਡੀ ਚੁਨੌਤੀ ਹੈ, ਪਰ ਜੇ ਅਸੀਂ ਇਸਨੂੰ ਇੱਕ ਸਧਾਰਨ ਮੰਦਿਰ ਦੇ ਰੂਪ ਵਿੱਚ ਪੂਜਣਾ ਸ਼ੁਰੂ ਕਰ ਦਿੱਤਾ ਤਾਂ ਯਾਦ ਰਹੇ ਉਹ ਦਿਨ ਦੂਰ ਨਹੀਂ ਜਦੋਂ ਅਮ੍ਰਿਤਸਰ ਵਿੱਚ ਇਹ ਹਰਿਮੰਦਰ ਭੀ ਹੋਰ ਮੰਦਿਰਾਂ ਵਾਂਗ ਸਾਡੀ ਅਗਲੀ ਪੀੜੀ ਲਈ ਕਰਮਕਾਂਡੀ ਮੰਦਿਰ ਹੋ ਨਿਬੜੇਗਾ।
Facebook
Twitter
LinkedIn
Pinterest

Leave a Reply

Your email address will not be published. Required fields are marked *