ਹਰਿਮੰਦਿਰ ਦੀ ਖੋਜ
ਗੁਰ ਪਰਸਾਦੀ ਵੇਖੁ ਤੂੰ ਹਰਿ ਮੰਦਰ ਤੇਰੈ ਨਾਲਿ॥ ਹਰਿ ਮੰਦਿਰ ਸਬਦੇ ਖੋਜੀਐ, ਹਰਿ ਨਾਮੋ ਲੇਹੁ ਸਮਾਲਿ॥
ਸ਼ਬਦਾਂ ਦੇ ਪਦ ਅਰਥ ਵਿੱਚ ਨਾ ਜਾਂਦੇ ਹੋਏ, ਅਸੀਂ ਸੰਖੇਪ ਵਿੱਚ ਸਿਧਾਂਤਿਕ ਸੇਧ ਲੈਣ ਦੀ ਕੋਸਿਸ਼ ਕਰਾਂਗੇ। ਉੱਪਰਲੀਆਂ ਪੰਕਤੀਆਂ ਵਿੱਚ ਸਭ ਤੋਂ ਪਹਿਲਾ ਗੁਰੂ ਸਾਹਿਬ ਹਰਮੰਦਿਰ ਦੀ ਖੋਜ ਸੰਬਧੀ ਭੇਦ ਖੋਲ ਰਹੇ ਹਨ ਅਤੇ ਦਰਸਾ ਰਹੇ ਹਨ ਕਿ ਹੇ ਮਨੁੱਖ ਹਰਮੰਦਿਰ ਹਮੇਸ਼ਾਂ ਤੇਰੇ ਨਾਲ ਹੈ, ਸਿਰਫ ਆਪਣੇ ਨਾਲ ਰਹਿੰਦੇ ਇਸ ਹਰਮੰਦਿਰ ਦੀ ਪਹਿਚਾਨ ਲਈ ਤੈਨੂੰ ਗੁਰੂ ਦੀ ਕਿਰਪਾ ਦਾ ਪਾਤਰ ਬਣਨ ਦੀ ਲੋੜ ਹੈ ਅਤੇ ਨਾਲ ਅਗਲੀ ਪੰਕਤੀ ਵਿੱਚ ਇਸ ਕਿਰਪਾ ਦਾ ਪਾਤਰ ਬਣਨ ਦਾ ਭੀ ਹੱਲ ਦੱਸਦੇ ਹੋਏ ਆਖਦੇ ਹਨ ਕਿ ਹਰਿਮੰਦਰ ਨੂੰ ਖੋਜਣ ਲਈ ਇਹ ਕਿਰਪਾ ਸ਼ਬਦ ਰਾਹੀਂ ਹੁੰਦੀ ਹੈ।
ਹਰਿਮੰਦਿਰ ਕਿਵੇਂ ਪ੍ਰਗਟ ਹੋ ਸਕਦਾ ਹੈ?
ਮਨ ਮੇਰੇ ਸਬਦਿ ਰਪੈ ਰੰਗੁ ਹੋਇ॥ ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ॥੧॥ ਰਹਾਉ॥
ਇਸ ਪੰਕਤੀ ਰਾਹੀਂ ਗੁਰੂ ਅਮਰਦਾਸ ਪਾਤਸ਼ਾਹ ਇਸ਼ਾਰਾ ਕਰ ਰਹੇ ਹਨ ਕਿ ਇਹ ਮੇਰੇ ਮਨ ਆਪਣੇ ਆਪ ‘ਤੇ ਸ਼ਬਦ ਦਾ ਰੰਗ ਚਾੜ ਅਤੇ ਨਾਲ ਹੀ ਅਗਲੀ ਪੰਕਤੀ ਰਾਹੀਂ ਗੁਰੂ ਸਾਹਿਬ ਹਰਿਮੰਦਿਰ ਨੂੰ ਪ੍ਰਗਟ ਦਾ ਤਰੀਕਾ ਦੱਸ ਰਹੇ ਹਨ, ਕਿ ਸੱਚੀ ਭਗਤੀ ਕਰਨ ਨਾਲ ਇਹ ਮਨੁੱਖੀ ਸਰੀਰ ਹੀ ਹਰਿਮੰਦਿਰ ਦਾ ਰੂਪ ਧਾਰਨ ਕਰ ਲੈਂਦਾ
ਹਰਿਮੰਦਿਰ ਸੰਬੰਧੀ ਸਪੱਸ਼ਟ ਫੈਸਲਾ
ਹਰਿ ਮੰਦਿਰ ਏਹੁ ਸਰੀਰੁ ਹੈ ਗਿਆਨ ਰਤਨਿ ਪਰਗਟੁ ਹੋਇ॥
ਹੁਣ ਇਹਨਾ ਪੰਕਤੀਆਂ ਰਾਹੀਂ ਉੱਤੇ ਦਿੱਤੇ ਰਹਾਉ ਦਾ ਭੇਦ ਖੋਲਦੇ ਗੁਰੂ ਸਾਹਿਬ ਖੁੱਲਾ ਐਲਾਨ ਕਰ ਰਹੇ ਹਨ ਕਿ ਅਸਲ ਹਰਿਮੰਦਿਰ ਇਹ ਮਨੁੱਖੀ ਸਰੀਰ ਹੀ ਹੈ, ਹੋ ਗੁਰੂ ਗਿਆਨ ਦੀ ਰੋਸ਼ਨੀ ਰਾਹੀਂ ਪ੍ਰਗਟ ਹੁੰਦਾ ਹੈ।
ਮਨਮੁਖ ਮੂਲੁ ਨਾ ਜਾਣਨੀ ਮਾਣਸਿ ਹਰਿ ਮੰਦਰੁ ਨਾ ਹੋਇ॥੨॥
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਗੁਰੂ ਸਾਹਿਬ ਹਰਿਮੰਦਿਰ ਸ਼ਬਦ ਦੀ ਵਰਤੋਂ ਸਰੀਰ, ਜਗਤ, ਮਨ ਜਾਂ ਨਾਮ ਧੰਨ ਸੰਬੰਧੀ ਕਰ ਰਹੇ ਹਨ, ਤਾਂ ਇਹਨਾ ਸਾਰੇ ਨੁਕਤਿਆਂ ਨੂੰ ਅਣਵੇਖਿਆ ਕਰਕੇ ਅੱਜ ਸ਼੍ਰੀ ਅਮ੍ਰਿੰਤਸਰ ਵਿੱਚ ਸਥਿਤ ਸਿੱਖਾਂ ਦੇ ਧਾਰਮਿਕ ਅਸਥਾਨ ਨੂੰ ਹਰਿਮੰਦਰ ਸ਼ਬਦ ਨਾਲ ਸੰਬੋਧਨ ਕਰਨ ਦਾ ਵਰਤਾਰਾ ਕਦੋਂ ਅਤੇ ਕਿਉਂ ਵਰਤਣਾ ਸ਼ੁਰੂ ਹੋਇਆ?
ਕਦੋਂ – ਇਹ ਉਹਨਾ ਸਮਿਆਂ ਦੀ ਗੱਲ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਤੋਂ ਬਾਅਦ ਬੜਾ ਭਿਆਨਕ ਸਮਾਂ ਆਇਆ ਅਤੇ ਸਿੰਘਾਂ ਨੂੰ ਆਪਣੇ ਧਾਰਮਿਕ ਕੇਂਦਰਾਂ ਨੂੰ ਛੱਡ ਗੁਰਿੱਲਾ ਯੁੱਧ ਲਈ ਜੰਗਲਾਂ ਵਿੱਚ ਜਾਣਾ ਪਿਆ ਅਤੇ ਉਹਨਾਂ ਸਮਿਆਂ ਦੇ ਦੌਰਾਨ ਸਾਡੇ ਧਾਰਮਿਕ ਅਸਥਾਨ ਨਿਰਮਲਿਆਂ ਅਤੇ ਉਦਾਸੀ ਸਾਧੂਆਂ ਦੀ ਦੇਖ ਰੇਖ ਵਿੱਚ ਆ ਗਏ। ਬੇਸ਼ੱਕ ਪਹਿਲਾਂ ਪਹਿਲ ਇਹਨਾਂ ਨਿਰਮਲਿਆਂ ਨੇ ਗੁਰਦਵਾਰਿਆਂ ਦੀ ਸੰਭਾਲ ਬੜੀ ਨਿਹਚਾ ਭਾਵਨਾ ਨਾਲ ਕੀਤੀ, ਪਰ ਇਹਨਾਂ ਦੀ ਵਿਚਾਰਧਾਰਾ ਬਿੱਪਰ ਪ੍ਰਭਾਵੀ ਹੋਣ ਕਰਕੇ ਹੌਲੀ-ਹੌਲੀ ਇਹਨਾ ਦਾ ਇਹ ਬਿੱਪਰੀ ਰੰਗ ਗੁਰਦਵਾਰਿਆਂ ਅਤੇ ਸਿੱਖ ਰਵਾਇਤਾਂ ਉੱਤੇ ਚੜਣਾ ਸ਼ੁਰੂ ਹੋ ਗਿਆ। ਗੁਰੂ ਦੇ ਇਸ ਕੇਂਦਰੀ ਸਥਾਨ ਦਰਬਾਰ ਦਾ ਨਾਮ ਹਰਿਮੰਦਿਰ ਭੀ ਉਸ ਸਮੇਂ ਨਿਰਮਲਿਆਂ ਅਤੇ ਉਦਾਸੀਆਂ ਦੀ ਬਿੱਪਰੀ ਵਿਚਾਰਧਾਰਾ ਦੇ ਅਸਰ ਦੀ ਦੇਣ ਹੈ। ਯਾਦ ਰਹੇ ਕਿ ਉਦਾਸੀ ਅਤੇ ਨਿਰਮਲੀ ਮਹੰਤ ਸਮਾਂ ਪਾ ਇੱਕ ਬੜੀ ਡੂੰਗੀ ਸਾਜਿਸ਼ ਤਹਿਤ ਭ੍ਰਸ਼ਟ ਹੁੰਦੇ ਗਏ ਅਤੇ ਇਹਨਾਂ ਨੇ ਹੌਲੀ-ਹੌਲੀ ਸਾਰੀਆਂ ਸਿੱਖ ਰਵਾਇਤਾਂ ਨੂੰ ਵਿਦਾਂਤੀ ਪਾਨ ਚਾੜ ਦਿੱਤੀ। ਦਰਬਾਰ ਨੂੰ ਹਰਿਮੰਦਿਰ ਕਹਿਣ ਦੀ ਪਹਿਲੀ ਗਵਾਹੀ ਗੁਰਮਤਿ ਵਿਰੋਧੀ ਕਿਤਾਬ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਲੇਖਕ ਵੱਲੋਂ ਭਰੀ ਗਈ ਜਿਸ ਵਿੱਚ ਉਹੀ ਦੇਵਤਿਆਂ ਵੱਲੋਂ ਸਮੁੰਦਰ ਰਿੜਕਣਾ ਅਤੇ ਅੰਮ੍ਰਿਤ ਰੂਪੀ ਰਤਨ ਲਿਆ ਇਸ ਜਗਾ ਤੇ ਦੱਬ ਦੇਣਾ ਅਤਿਆਦਿ ਅਧਾਰ ਹੀਣ ਗੱਲਾਂ ਦਾ ਜ਼ਿਕਰ ਮਿਲਦਾ ਹੈ।
ਇੱਕ ਉਹ ਭੀ ਸਮਾਂ ਆਇਆ ਸੀ ਜਦੋਂ ਦਰਬਾਰ ਸਾਹਿਬ ਦੇ ਨਾਮ ਨੂੰ ਬਦਲ ਕੇ ਬਣਾਏ ਹਰਿਮੰਦਿਰ ਵਿੱਚ ਇਹਨਾਂ ਪੁਜਾਰੀਆਂ ਨੇ ਪ੍ਰਕਰਮਾ ਵਿੱਚ ਜੋਤਸ਼ੀ ਬਿਠਾ ਦਿੱਤੇ, ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਸਥਾਪਨ ਹੋ ਗਈਆਂ, ਅਗਨੀ ਪੂਜਾ ਨੂੰ ਮੁੱਖ ਰੱਖ ਕੇ ਜੋਤਾਂ ਜਗਵਾ ਦਿੱਤੀਆਂ ਜੋ ਅੱਜ ਭੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹੈ, ਪਰ ਜਿਵੇ ਕੁਦਰਤੀ ਨਿਯਮ ਹੈ ਕਿ ਦਿਨ ਤੋਂ ਬਾਅਦ ਰਾਤ ਅਤੇ ਰਾਤ ਤੋਂ ਬਾਅਦ ਦਿਨ ਇਸੇ ਤਰਾਂ ਨਿਰੰਕਾਰੀ ਲਹਿਰ, ਸਿੰਘ ਸਭੀਆਂ ਅਤੇ ਕਰਤਾਰ ਸਿੰਘ ਝੱਬਰ ਵਰਗੇ ਜੋਧਿਆਂ ਦੀ ਲਲਕਾਰ ਰੂਪੀ ਚਿੱਟੜ ਦਿਨ ਸਿੱਖਰਾਂ ਤੇ ਆਣ ਚੜਿਆਂ ਅਤੇ ਜੋਧੇ ਭਾਈ ਕਾਨ ਸਿੰਘ ਨਾਭਾ ਵਰਗਿਆਂ ਨੇ ਇਹਨਾ ਮੂਰਤੀਆਂ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚੋ ਡਿਪਟੀ ਕਮਿਸ਼ਨਰ ਕਿੰਗ ਦੀ ਸਹਾਇਤਾ ਨਾਲ ਦਰਬਾਰ ਸਾਹਿਬ ਵਿੱਚੋਂ ਚੁਕਵਾਇਆ ਅਤੇ ਜੋਤਸ਼ੀਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆਂ।
ਕਿਉਂ – ਹੁਣ ਅਗਲਾ ਮਸਲਾ ਇਹ ਹੈ ਕਿ ਇਹ ਵਰਤਾਰਾ ਕਿਉਂ ਵਾਪਰਿਆ? ਬਿੱਪਰ ਦੋ ਤਰੀਕਿਆਂ ਨਾਲ ਘੱਟ ਗਿਣਤੀ ਵਾਲੀਆਂ ਕੌਮਾਂ ਦਾ ਸਰਵਨਾਸ਼ ਕਰਦਾ ਹੈ ਜੋ ਸਾਸ਼ਤਰ (Memoricidal Impact) ਅਤੇ ਸਸ਼ਤਰ (Genocidal Impact) ਦੇ ਰੂਪ ਵਿੱਚ ਹਨ। ਸਸ਼ਤਰ ਦਾ ਤਰੀਕਾ ਉਦੋਂ ਹੀ ਵਰਤਿਆਂ ਜਾ ਸਕਦਾ ਹੈ ਜਦੋਂ ਬਿੱਪਰ ਸਿਆਸੀ ਤੌਰ ‘ਤੇ ਪੂਰੀ ਤਰਾਂ ਸਿਖਰ ‘ਤੇ ਹੋਵੇ, ਪਰ ਸਾਸ਼ਤਰ ਦਾ ਤਰੀਕਾ ਤਾਂ ਇਹ ਆਪਣੀ ਬਹੁਗਿਣਤੀ ਦਾ ਆਸਰਾ ਲੈਂਦਾ ਹੋਇਆ ਇੱਕ ਐਸਾ ਸਮਾਜੀ ਅਤੇ ਧਾਰਮਿਕ ਪ੍ਰਬੰਧ ਸਿਰਜ ਦਿੰਦਾ ਹੈ, ਜਿਸਦਾ ਘੱਟ ਗਿਣਤੀਆਂ ਵਾਲੀਆਂ ਕੌਮਾਂ ਹੌਲੀ-ਹੌਲੀ ਆਪਣੇ ਆਪ ਹੀ ਪ੍ਰਭਾਵ ਕਬੂਲਣਾ ਸ਼ੁਰੂ ਕਰ ਦਿੰਦੀਆਂ ਹਨ। ਗੁਰੂ ਦਰਬਾਰ ਨੂੰ ਇੱਕ ਹਰਿ+ਮੰਦਿਰ ਦਾ ਰੂਪ ਬਣਾ ਕੇ ਪੇਸ਼ ਕਰਨਾ, ਸਿੱਖ ਕੌਮ ਦੀ ਗੁਰੂ ਦਰਬਾਰ ਰੂਪੀ ਵਿੱਲਖਣਤਾ ਨੂੰ ਇੱਕ ਬਿੱਪਰੀ ਰੰਗ ਚਾੜਣ ਦਾ ਨਮੂਨਾ ਪੇਸ਼ ਕਰਦੀ ਇਹ ਮੂੰਹੋਂ ਬੋਲਦੀ ਮਿਸਾਲ ਹੈ। ਬਿੱਪਰ ਗੁਰਬਾਣੀ ਦੇ ਇਹਨਾ ਅਮੋਲਕ ਨੁੱਕਤਿਆਂ ਤੋਂ ਭਲੀ ਭਾਤ ਜਾਣੂ ਹੈ ਕਿ ਇਸ ਕੌਮ ਦਾ ਦੇਹੁਰਾ ਜਾਂ ਮੰਦਿਰ ਪੂਜਾ ਰੂਪੀ ਕੋਈ ਸੰਕਲਪ ਨਹੀਂ ਹੈ।
ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ॥॥੨॥
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥
ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥
ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥
ਮੱਕਾ ਉਹ ਅਸਥਾਨ ਹੈ ਜਿਥੇ ਗਾਂ ਦੀ ਬਲੀ ਦਿੱਤੀ ਜਾਂਦੀ ਹੈ, ਪਰ ਸਾਡੇ ਦਰਬਾਰ ਦਾ ਨਾਅਰਾ ਭਗਤ ਕਬੀਰ ਦੀ ਕ੍ਰਾਂਤੀਕਾਰੀ ਆਵਾਜ ਰਾਹੀਂ ਸਾਨੂੰ ਕੁਝ ਹੋਰ ਸੁਨੇਹਾ ਦੇ ਰਿਹਾ ਹੈ।
ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥ ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥
ਮੱਕਾ ਆਪਣੇ ਆਪ ਨੂੰ ਰੱਬ ਦਾ ਘਰ ਘੋਸ਼ਿਤ ਕਰਦਾ ਹੈ, ਪਰ ਸਿੱਖ ਵਿਚਾਰਧਾਰਾ ਅਨੁਸਾਰ ਰੱਬ ਸਰਵ ਵਿਆਪੀ ਹੈ।
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥
ਗਾਵਹਿ ਇੰਦ੍ਰਾਦ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥
(ਪੰਨਾ- 1389)
ਗੁਰੁ ਜਗਤ ਫਿਰਣ ਸੀਹ ਅਮਰਉ’ ਰਾਜੁ ਜੋਗੁ ਲਹਣਾ ਕਰੈ॥
(ਪੰਨਾ- 1391)