ਗੁਰਬਾਣੀ ਬਹੁ ਇਨਕਲਾਬੀ ਪੱਖਾਂ ਦੀ ਗੱਲ ਕਰਦੀ ਹੈ, ਪਰ ਗੁਰੂ ਨਾਨਕ ਦਾ ਪਹਿਲਾ ਮਿਸ਼ਨ ਹੀ ਮਨੁੱਖੀ ਇਨਕਲਾਬ ਸੀ, ਕਿਉਂਕਿ ਇੱਕ ਮਨੁੱਖ ਹੀ ਕਿਸੇ ਇਨਕਲਾਬੀ ਲਹਿਰ ਦੀ ਚਾਲਕ ਸ਼ਕਤੀ ਹੋਇਆ ਕਰਦਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਆਪਣੀ ਸਭ ਤੋਂ ਪਹਿਲੀ ਰਚਨਾ ਵਿੱਚ ਇੱਕ ਸਵਾਲ ਸਾਡੀ ਸੁੱਤੀ ਹੋਈ ਮਨੁੱਖੀ ਚੇਤਨਾ ਨੂੰ ਜਗਾਉਣ ਲਈ ਸਾਡੇ ਸਾਹਮਣੇ ਰੱਖਿਆ ਕਿ
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਪ੍ਰਸ਼ਨ ਹੀ ਪ੍ਰੇਰਨਾ ਦੇ ਸੂਤਰ ਹੁੰਦੇ ਹਨ। ਗੁਰਬਾਣੀ ਸਾਡੀ ਮਨੁੱਖੀ ਚੇਤਨਾ ਨੂੰ ਜਗਾਉਣ ਲਈ ਸਵਾਲ ਅਤੇ ਜੁਆਬ ਦਾ ਸੰਗ੍ਰਹਿ ਹੈ। ਆਮ ਸਮਾਜੀ ਜਿੰਦਗੀ ਵਿੱਚ ਵਿਚਰਦਿਆਂ ਦੇਖਦੇ ਹਾਂ, ਕਿ ਕੋਈ ਵਸਤੂ ਜਿੰਨੀ ਕੀਮਤੀ ਹੋਵੇ ਉਸਦੀ ਸਾਂਭ ਸੰਭਾਲ ਭੀ ਉਸੇ ਕਦਰ ਵੱਧ ਜਾਂਦੀ ਹੈ। ਇਸੇ ਲਈ ਇਸ ਬੇਸ਼ ਕੀਮਤੀ ਗੁਰਬਾਣੀ ਦੀ ਮਹੱਤਤਾ ਨੂੰ ਦੇਖਦੇ ਹੋਏ ਗੁਰੂ ਨਾਨਕ ਸਾਹਿਬ ਨੇ ਇਸਦੀ ਸੰਭਾਲ ਅਤੇ ਖੂਬਸੂਰਤੀ ਨੂੰ ਮੁੱਖ ਰੱਖਦੇ ਹੋਏ ਗੁਰਬਾਣੀ ਨੂੰ ਫਲਸਫਾ, ਕਾਵਿ ਸੰਗ੍ਰਿਹ ਅਤੇ ਰਾਗ ਦਾ ਸੁਮੇਲ ਬਣਾਇਆ। ਅੱਗੇ ਵੱਧਣ ਤੋਂ ਪਹਿਲਾਂ ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਅਸਲ ਤੱਤ ਗੁਰਬਾਣੀ ਹੈ। ਫਲਸਫਾ, ਕਾਵਿ ਸੰਗ੍ਰਿਹ ਅਤੇ ਰਾਗ ਗੁਰਬਾਣੀ ਦੇ ਰਹੱਸ ਨੂੰ ਸਮਝਣ ਲਈ ਹੀ ਹਨ।
ਰਾਗ ਅਤੇ ਰਾਗੀ – ਸਮੇਂ ਦੀ ਲੋੜ ਅਨੁਸਾਰ ਅਸੀਂ ਸੰਖੇਪ ਵਿੱਚ ਸਿਰਫ ਰਾਗ ਅਤੇ ਰਾਗੀ ਦੇ ਸੰਬੰਧ ਵਿੱਚ ਹੀ ਵਿਚਾਰ ਕਰਾਂਗੇ। ਗੁਰੂ ਗਰੰਥ ਸਾਹਿਬ ਦੀ ਬਾਣੀ ੩੧ ਰਾਗਾਂ ਦਾ ਸਮੂਹ ਹੈ। ਰਾਗ ਗੁਰਬਾਣੀ ਲਈ ਭਾਂਡੇ ਦੀ ਨਿਆਈਂ ਹੈ ਅਤੇ ਭਾਂਡੇ ਹਮੇਸ਼ਾ ਸਵਾਦਲੇ ਭੋਜਨ ਨਾਲ ਹੀ ਸੋਭਦੇ ਹਨ। ਭੋਜਨ ਤੋਂ ਬਿਨਾ ਭਾਵੇ ਪੰਜਾਹ ਭਾਂਡੇ ਡਾਇਨਿੰਗ ਟੇਬਲ ‘ਤੇ ਰੱਖ ਦਿੱਤੇ ਜਾਣ, ਪਰ ਬੰਦੇ ਦੀ ਤ੍ਰਿਪਤੀ ਨਹੀਂ ਕਰਵਾ ਸਕਦੇ। ਯਾਦ ਰਹੇ ਕਿ ਇਹ ਰਾਗਾਂ ਰੂਪੀ ਭਾਂਡੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭੀ ਮੌਜੂਦ ਸਨ, ਪਰ ਇਹਨਾਂ ਦੀ ਵਰਤੋਂ ਕਾਮੁਕ ਪ੍ਰਵਿਰਤੀਆਂ ਨੂੰ ਉਜਾਗਰ ਕਰਨ ਲਈ ਮੁਜਰੇ ਅਤੇ ਮਹਿਫਲਾਂ ਨੂੰ ਚਾਰ ਚੰਨ ਲਾਉਣ ਲਈ ਕੀਤੀ ਜਾਂਦੀ ਸੀ ਅਤੇ ਇਸੇ ਲਈ ਗਾਉਣ ਨੂੰ ਇਸਲਾਮੀ ਸ਼ਰਾਹ ਵੀ ਇਜ਼ਾਜਿਤ ਨਹੀਂ ਦਿੰਦੀ। ਗੁਰੂ ਨਾਨਕ ਸਾਹਿਬ ਦੀ ਨਜ਼ਰ ਜਦੋਂ ਇਹਨਾਂ ਰਾਗਾਂ ‘ਤੇ ਪੈਂਦੀ ਹੈ, ਤਾਂ ਗੁਰੂ ਜੀ ਇਹਨਾਂ ਵਿੱਚ ਗੁਰਬਾਣੀ ਰੂਪੀ ਭੋਜਨ ਪਰੋਸ ਕੇ ਇਹਨਾਂ ਦੀ ਵਰਤੋਂ ਦਾ ਰੁੱਖ ਬਦਲ ਦਿੰਦੇ ਹਨ ਅਤੇ ਅੱਜ ਸਿੱਖ ਜਗਤ ਅੰਦਰ ਇਹਨਾਂ ਰਾਗਾਂ ਦੀ ਮਹੱਤਤਾ ਬਿਆਨ ਨਹੀਂ ਕੀਤੀ ਜਾ ਸਕਦੀ। ਹੁਣ ਜਦੋਂ ਅਸੀਂ ਰਾਗੀ ਸ਼ਬਦ ਦੀ ਗੱਲ ਕਰਦੇ ਹਾਂ, ਤਾਂ ਕੋਈ ਭੀ ਜੋ ਰਾਗ ਵਿੱਦਿਆ ਦਾ ਧਨੀ ਹੈ ਰਾਗੀ ਅਖਵਾਉਂਦਾ ਹੈ, ਪਰ ਇਹ ਸ਼ਬਦ ਦੀ ਵਧੇਰੇ ਵਰਤੋਂ ਸਿੱਖ ਧਰਮ ਵਿੱਚ ਹੀ ਪ੍ਰਚਿਲਤ ਹੋਈ ਜਾਪਦੀ ਹੈ। ਵੈਸੇ ਜੋ ਇਸਤੋਂ ਭੀ ਬੇਹਤਰ ਸ਼ਬਦ ਅਸੀਂ ਧਾਰਮਿਕ ਤੌਰ ‘ਤੇ ਵਰਤ ਸਕਦੇ ਹਾਂ ਉਹ ਕੀਰਤਨੀਆਂ ਹੈ ਕਿਉਂ ਕਿ ਕੀਰਤਨੀਆਂ ਕੇਵਲ ਉਹ ਹੀ ਅਖਵਾਉਂਦਾ ਹੈ, ਜੋ ਕਰਤੇ ਦੀ ਕੀਰਤੀ ਵਿੱਚ ਮਸਤ ਹੋ ਕੇ ਗਾਉਂਦਾ ਹੈ ਅਤੇ ਇਹ ਗੀਤ ਹੀ ਉਸਦੀ ਕਰਤੇ ਪ੍ਰਤੀ ਪਿਆਰ ਦੀ ਅਖੀਰ ਹੋ ਨਿਬੜਦਾ ਹੈ।
ਹੁਣ ਜਦੋਂ ਅਸੀਂ ਅੱਜ ਆਪਣੇ ਹਲਾਤਾਂ ਵੱਲ ਝਾਤੀ ਮਾਰਦੇ ਹਾਂ, ਤਾਂ ਸਾਨੂੰ ਇਸ ਉਲਝਨ ਨੂੰ ਸਮਝਣ ਲਈ ਤਿੰਨਾਂ ਭਾਗਾਂ ਵਿੱਚ ਵੰਡਣਾ ਪਵੇਗਾ।
੧) ਕੀਰਤਨੀ ੨) ਰਾਗੀ ੩) ਗਾਇਕ (ਗੁਲਾਮ ਅਲੀ ਦੇ ਗੁਲਾਮ)
੧) ਕੀਰਤਨੀਆ
ਉਹ ਸਿੱਖ ਜੋ ਕਰਤੇ ਦੀ ਕੀਰਤੀ (ਗੁਰਬਾਣੀ) ਨੂੰ ਗਾਇਣ ਕਰੇ ਅਤੇ ਕੀਰਤਨ ਦੀ ਨਿਆਈ ਹੀ ਉਸਦਾ ਜੀਵਨ ਹੋ ਨਿਬੜੇ।
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
ਕੀਰਤਨੀਆਂ ਹਮੇਸ਼ਾ ਸਰਕਾਰ ਦੀ ਅੱਖ ਵਿੱਚ ਰੜਕਦਾ ਰਹਿੰਦਾ ਹੈ ਕਿਉਂਕਿ ਇਹ ਕਰਤੇ ਤੋਂ ਸਿਵਾਏ, ਹੋਰ ਕਿਸੇ ਦੀ ਭੀ ਖੁਸ਼ਾਮਦ ਨਹੀਂ ਕਰਦਾ। ਇਸ ਦੇ ਰਾਗ ਦਾ ਅਧਾਰ ਕੇਵਲ ਤੇ ਕੇਵਲ ਨਾਮ ਹੁੰਦਾ ਹੈ।
੨) ਰਾਗੀ
ਗੁਰੂ ਨਾਨਕ ਸਾਹਿਬ ਦੇ ਫਲਸਫੇ ਮੁਤਾਬਿਕ ਰਾਗੀ ਦਾ ਸਫਰ ਬੈਰਾਗੀ ਹੋਣ ਤੱਕ ਦਾ ਹੁੰਦਾ ਹੈ। ਜੇ ਗੁਰਬਾਣੀ ਗਾਇਣ ਕਰਦਾ ਹੋਇਆ ਰਾਗੀ ਬੈਰਾਗੀ ਜਾਂ ਇਸਨੂੰ ਹੋਰ ਸੌਖਾ ਸਮਝਣ ਲਈ ਕੀਰਤਨੀਆਂ ਨਹੀਂ ਹੋ ਨਿਬੜਿਆ, ਤਾਂ ਇਸ ਰਾਗੀ ਦਾ ਗੁਰੂ ਦੇ ਦਰਬਾਰ ਵਿੱਚ ਕੌਡੀ ਮੁੱਲ ਨਹੀਂ ਹੈ। ਸਗੋਂ ਐਸੇ ਰਾਗੀਆਂ ਦੇ ਰਾਗ ਗਾਉਣ ਨੂੰ ਗੁਰੂ ਸਾਹਿਬ ਰੋਣਾ ਆਖਦੇ ਹਨ। (ਜੋ ਅੱਜ ਸਾਡੇ ਸਾਹਮਣੇ ਪ੍ਰਤੱਖ ਨਜਰ ਆ ਰਿਹਾ ਹੈ ਕਿਵੇ ਮੰਨੇ ਪ੍ਰਵੰਨੇ ਰਾਗੀ ਦੇਹਧਾਰੀਆਂ ਦੇ ਚਰਨਾਂ ਵਿੱਚ ਬੈਠੇ ਨਜ਼ਰ ਆ ਰਹੇ ਹਨ। ਕੁਝ ਕੁ ਸਮਾਂ ਅਸੀਂ ਪਹਿਲਾਂ ਭੀ ਦੇਖਿਆ ਸੀ ਕਿ ਇੱਕ ਹੋਰ ਐਸਾ ਹੀ ਰਾਗੀ ਅਮ੍ਰਿੰਤਸਰ ਵਿੱਚ ਕਿਸੇ ਬੀਬੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਗਿਆ ਸੀ। ਇਸਤੋਂ ਇਹੋ ਹੀ ਗੱਲ ਸਿੱਧ ਹੁੰਦੀ ਹੈ ਕਿ ਇਹ ਰਾਗੀ ਤਾਂ ਬਣ ਗਏ, ਪਰ ਕੀਰਤਨੀਏ (ਬੈਰਾਗੀ) ਨਾ ਬਣ ਸਕੇ)। ਨਾਮਹੀਣ ਰਾਗੀ ਅਕਸਰ ਸਰਕਾਰ ਦੀ ਖੁਸ਼ਾਮਦ ਕਰਦੇ ਪਾਏ ਜਾਂਦੇ ਹਨ ਜਾਂ ਇੰਝ ਕਹਿ ਲਵੋ ਕਿ ਸਰਕਾਰੀ ਦਲਾਲ ਹੀ ਹੁੰਦੇ ਹਨ।
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥
ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥ ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ॥
ਗਵੱਈਏ (ਗਾਇਕ)
ਇਸ ਸ਼੍ਰੇਣੀ ਵਿੱਚ ਬਾਕੀ ਰਹਿੰਦ-ਖੂੰਦ ਆ ਜਾਂਦੀ ਹੈ। ਇਹ ਨਸਲ ਖੋਤੇ ਅਤੇ ਘੋੜੇ ਦੇ ਵਿਚਕਾਰ ਵਾਲੀ ਜਾਪਦੀ ਹੈ ਇੰਨਾ ਦਾ ਕੀਰਤਨ ਜਾਂ ਰਾਗ ਵਿੱਦਿਆ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਬੜੀ ਬੇਸਬਰੀ ਨਾਲ ਉਡੀਕਦੇ ਰਹਿੰਦੇ ਹਨ ਕਿ ਕਿਹੜੇ ਵੇਲੇ ਗੁਲਾਮ ਅਲੀ ਕੋਈ ਨਵੀ ਗ਼ਜਲ ਗਾਵੇ ਤਾਂ ਕਿ ਇਹ ਉਸ ਦੇ ਜੂਠੇ ਬਰਤਨ ਰੂਪੀ ਤਰਜ ਵਿੱਚ ਗੁਰਬਾਣੀ ਰੂਪੀ ਪਵਿੱਤਰ ਭੋਜਣ ਪਾ ਕੇ ਸਾਡੇ ਵਰਗੇ ਬੇਵਕੂਫਾਂ ਦੇ ਸਾਹਮਣੇ ਪਰੋਸ ਸਕਣ। ਇਹ ਆਮ ਕਰਕੇ ਨਾਨਕ ਪ੍ਰਸਤੀ ਘੱਟ ਅਤੇ ਗੁਲਾਮ ਅਲੀ ਦੇ ਗ਼ੁਲਾਮ ਜਿਆਦਾ ਹੁੰਦੇ ਹਨ। ਇਸ ਸ਼੍ਰੇਣੀ ਨੇ ੩੧ ਰਾਗਾਂ ਤੋਂ ਬਾਹਰ ਇੱਕ ਨਵਾਂ ਰਾਗ ਇਜ਼ਾਦ ਕੀਤਾ ਹੈ ਜਿਸਨੂੰ ”ਘਬਰਾਹਟ ਰਾਗ” ਆਖਦੇ ਹਨ।
ਯਾਦ ਰਹੇ ਇਹਨਾਂ ਦਾ ਮੁੱਲ ਰਾਗੀਆਂ ਨਾਲੋਂ ਭੀ ਵਧੇਰੇ ਪੈਂਦਾ ਹੈ, ਕਿਉਂਕਿ ਇਹ ਸਮੇਂ ਦੀ ਚਾਲ ਨੂੰ ਸਮਝਦੇ ਹੋਏ ਮਿਸ ਪੂਜਾ, ਜਸਪਿੰਦਰ ਨਰੂਲਾ ਅਤਿਆਦਿ ਗਾਉਣ ਵਾਲਿਆਂ ਦੇ ਨਾਲ ਰਲ ਕੇ ਸਾਲ ਵਿੱਚ ਇੱਕ ਅੱਧੀ ਕੈਸਟ ਕੱਢ ਮਾਰਦੇ ਹਨ, ਜਿਸ ਨਾਲ ਸੁਣਨ ਵਾਲਾ ਇਬਾਦਤ ਭੀ ਕਰ ਲੈਂਦਾ ਹੈ ਅਤੇ ਪੂਜਾ ਅਤੇ ਨਰੂਲਾ ਨੂੰ ਸੁਣਨ ਵਾਲਾ ਭੀ ਝੱਸ ਪੂਰਾ ਕਰ ਲੈਂਦਾ ਹੈ। ਵੈਸੇ ਤਾਂ ਇਹਨਾਂ ਦੀ ਉਸਤਤ ਸੰਬੰਧੀ ਜੋ ਕੁਝ ਮਰਜੀ ਕਹਿ ਲਵੋ ਘੱਟ ਪ੍ਰਤੀਤ ਹੁੰਦਾ ਹੈ। ਬਾਕੀ ਇਹ ਸ਼੍ਰੇਣੀ ਭੀ ਐਸੀਆਂ ਗੱਲਾ ਨੂੰ ਬਹੁਤਾ ਦਿਲ ‘ਤੇ ਨਹੀਂ ਲਾਉਂਦੀ ਹੈ, ਕਿਉਂਕਿ ਸ਼ਰਮ ਨਾਮ ਦੇ ਸ਼ਬਦ ਨੂੰ ਤਾਂ ਇਹ ਬਲਾ ਦੀ ਭਾਂਤੀ ਹੀ ਜਾਣਦੇ ਹਨ। ਇਹ ਸ਼੍ਰੇਣੀ ਭੀ ਜਿੱਥੇ ਸਰਕਾਰ ਦੀ ਖੁਸ਼ਾਮਦ ਹੁੰਦੀ ਹੈ, ਉਥੇ ਵਿਆਹਾਂ ਦੇ ਮੌਕੇ ‘ਤੇ ਲਾੜਿਆਂ ਦੇ ਭੀ ਚੰਗੇ ਗੁਣਗਾਨ ਕਰਨ ਵਿੱਚ ਮਾਹਿਰ ਹੁੰਦੀ ਹੈ।
ਇਸ ਸਾਰੀ ਵਿਚਾਰ ਦਾ ਭਾਵ ਸਿਰਫ ਇੰਨਾ ਹੀ ਹੈ ਕਿ ਅਸੀਂ ਗੁਰਬਾਣੀ ਦੀ ਰੌਸ਼ਨੀ ਵਿੱਚ ਕੀਰਤਨੀ, ਰਾਗੀ ਅਤੇ ਗਵੱਈਏ ਦੇ ਦਰਮਿਆਨ ਫਰਕ ਸਮਝ ਸਕੀਏ ਅਤੇ ਐਵੇਂ ਇਹਨਾਂ ਕੱਚਿਆਂ ਪਿੱਲਿਆਂ ਦੇ ਮਗਰ ਲੱਗ ਕੇ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰੀਏ।